ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਉੱਤੇ ਸਦਾ ਹਨ੍ਹੇਰਾ ਰਹਿਣਾ ਨਹੀਂ।
ਵਕਤ ਨਿਰੰਤਰ ਤੁਰਦਾ ਇਸਨੇ ਬਹਿਣਾ ਨਹੀਂ।

ਘੁੱਟ ਗਲਵੱਕੜੀ ਪਾ ਲੈ ਇਸ ਜ਼ਿੰਦਗਾਨੀ ਨੂੰ,
ਇਸ ਤੋਂ ਮਹਿੰਗਾ ਹੋਰ ਕੋਈ ਵੀ ਗਹਿਣਾ ਨਹੀਂ।

ਠੋਕਰ ਮਾਰਨ ਵਾਲੇ ਹੀ ਬਦਕਿਸਮਤ ਸਨ,
ਦਾਗ ਉਨ੍ਹਾਂ ਦੇ ਮੱਥੇ ਤੋਂ ਇਹ ਲਹਿਣਾ ਨਹੀਂ।

ਨਾਲ ਮੁਹੱਬਤ ਜਿੰਦ ਵੀ ਮੰਗੇਂ ਦੇ ਦੇਵਾਂ,
ਜ਼ੋਰ ਜਬਰ ਮੈਂ ਹੋਰ ਕਿਸੇ ਦਾ ਸਹਿਣਾ ਨਹੀਂ।

ਪਿਛਲੇ ਜ਼ਾਲਮ ਕਿੱਥੇ ਨੇ ਹੁਣ ਲੱਭਦੇ ਨਹੀਂ,
ਇਨ੍ਹਾਂ ਦਾ ਵੀ ਵੇਖ ਲਵੀਂ ਕੱਖ ਰਹਿਣਾ ਨਹੀਂ।

ਚਾਨਣ ਨਾਲ ਹਨ੍ਹੇਰੇ ਦੀ ਵੀ ਕੁਸ਼ਤੀ ਹੈ,
ਸੂਰਜ ਜਿਸ ਦੀ ਸ਼ਕਤੀ ਉਸ ਨੇ ਢਹਿਣਾ ਨਹੀਂ।

ਸੂਰਜ ਮੈਨੂੰ ਆਪਣੀ ਗੱਦੀ ਸੌਂਪ ਗਿਐ,
ਮੈਂ ਉਸਦੀ ਥਾਂ ਜਗਦਾਂ, ਸਿਰਫ਼ ਟਟਹਿਣਾ ਨਹੀਂ।

ਮਿਰਗਾਵਲੀ-88