ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੇ ਗੁਰਦੀਪ ਢੀਂਡਸਾ ਦੇ ਪਰਿਵਾਰ ਦੇ ਨਾਂ....

ਜਦ ਵੀ ਤੱਕਿਆ ਤੇ ਇੰਜ ਲੱਗਿਆ ਮੇਰੇ ਚਾਰ ਚੁਫ਼ੇਰੇ ਖ਼ੁਸ਼ਬੂ।
ਜਾਗਦਿਆਂ ਤੇ ਸੁੱਤਿਆਂ ਖ਼ੁਸ਼ਬੂ, ਮਹਿਕੇ ਸ਼ਾਮ ਸਵੇਰੇ ਖ਼ੁਸ਼ਬੂ।

ਹੱਸੇਂ ਲੱਗਦਾ ਫੁੱਲ ਕਿਰਦੇ ਨੇ, ਸਾਰੀ ਧਰਤੀ ਭਰ ਚੱਲੀ ਹੈ,
ਕੋਸੀ ਧੁੱਪ ਸਿਆਲ ਦੀ ਜਿੱਸਰਾਂ, ਚੜ੍ਹ ਕੇ ਖੜ੍ਹੀ ਬਨੇਰੇ ਖ਼ੁਸ਼ਬੂ।

ਮੱਥੇ ਚਮਕੇ ਨੂਰ ਇਲਾਹੀ, ਜ਼ੱਰਾ ਜ਼ੱਰਾ ਚਾਨਣ ਚਾਨਣ,
ਮਨ ਮਸਤਕ ਨੂੰ ਰੌਸ਼ਨ ਰੌਸ਼ਨ, ਕਰਦੀ ਦੂਰ ਹਨ੍ਹੇਰੇ ਖੂਸ਼ਬੂ।

ਬਿਨ ਮਿਲਿਆਂ ਵੀ ਚੰਨ ਦੀ ਟਿੱਕੀ ਧੋ ਜਾਂਦੀ ਨਿੱਤ ਰਾਤ ਦੇ ਵਸਤਰ,
ਰੋਜ਼ ਸਵੇਰੇ ਮੁੜ ਜਾਂਦੀ ਹੈ, ਕਰਦੀ ਪੰਧ ਲੰਮੇਰੇ ਖ਼ੁਸ਼ਬੂ।

ਅਜ਼ਲਾਂ ਤੋਂ ਜੋ ਪਿਆਸ ਨਿਰੰਤਰ, ਮਿਟਦੀ ਨਹੀਂ ਇੱਕ ਵਾਰੀ ਤੱਕਿਆਂ,
ਤਪਦੀ ਲੋਹ ਤੇ ਕਿਣ ਮਿਣ ਕਣੀਆਂ, ਤਰੇਲ ਦੇ ਮੋਤੀ ਕੇਰੇ ਖ਼ੁਸ਼ਬੂ।

ਖ੍ਵਾਬ ਖ਼ਿਆਲ 'ਚ ਵੀ ਨਹੀਂ ਤੱਕਿਆ, ਏਦਾਂ ਕਿੱਸਰਾਂ ਹੋ ਸਕਦਾ ਹੈ,
ਪੋਲੇ ਕਦਮੀਂ ਪਿੱਛਿਉਂ ਆ ਕੇ ਨੇਤਰ ਘੱਟੇ ਮੇਰੇ ਖ਼ੁਸ਼ਬੂ।

ਮਨ ਦੇ ਬਾਗ ਬਗੀਚੇ ਅੰਦਰ, ਫੁੱਲ ਕਲੀਆਂ ਨੂੰ ਖਿੜਨ ਦਿਆ ਕਰ,
ਆਪੇ ਮਾਣ ਲਵੇਂਗਾ ਰਹਿੰਦੀ, ਸਾਹਾਂ ਅੰਦਰ ਤੇਰੇ ਖ਼ੁਸ਼ਬੂ।

ਅੰਬਰ ਵਿਚ ਟਿਮਕਦੇ ਤਾਰੇ, ਕੱਲ੍ਹੇ ਕੱਲ੍ਹੇ ਕਿੰਨੇ ਸਾਰੇ,
ਚੁੱਪ ਨੇ ਕਿਉਂ ਨਾ ਭਰਨ ਹੁੰਗਾਰੇ, ਪੁੱਛਦੀ ਸ਼ਾਮ ਸਵੇਰੇ ਖ਼ੁਸ਼ਬੂ।

ਨੀਮ ਗੁਲਾਬੀ ਚਿਹਰਾ ਤੱਕਿਆ, ਕਣ ਕਣ ਅੰਦਰ ਇਹ ਕੀ ਹੋਇਆ,
ਦਿਲ ਦੇ ਅੰਦਰ ਡੂੰਘਾ ਕਿਧਰੇ, ਲਾ ਕੇ ਬਹਿ ਗਈ ਡੇਰੇ ਖ਼ੁਸ਼ਬੂ।

ਮਿਰਗਾਵਲੀ-87