ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁੱਲ ਗਈ ਪਰਵਾਜ਼ ਮੈਨੂੰ ਜਾਮ ਕਿਉਂ ਪਰ ਹੋ ਗਏ।
ਉੱਡਣੇ ਪੰਛੀ ਦੇ ਕਿਉਂ, ਵਰਮੀ 'ਚ ਨੇ ਘਰ ਹੋ ਗਏ।

ਇਹ ਸਿਖਾਏ ਸਬਕ ਨਾਲੋਂ ਵੱਧ ਕਿੰਨਾ ਬੋਲਦੇ,
ਵੇਖ ਲੈ ਤੋਤੇ ਕਿਵੇਂ ਹੁਣ ਹੋਰ ਚਾਤਰ ਹੋ ਗਏ।

ਸਾਦਗੀ ਸਵਰੂਪ ਜਿਸ ਨੂੰ ਕਹਿ ਰਹੇ ਸੀ ਅੱਜ ਤੀਕ,
ਖੰਭ ਉੱਗਣ ਸਾਰ ਹੀ ਇਹ ਵੇਖ ਸ਼ਾਤਰ ਹੋ ਗਏ।

ਘੇਰ ਲਏ ਚਿੜੀਆਂ ਜਦੋਂ ਵੀ, ਬਾਜ਼ ਸ਼ਾਹੀ ਮਹਿਲ ਦੇ,
ਜ਼ੁਲਮ ਕਰਦੇ ਇਹ ਪਰਿੰਦੇ, ਤਰਸ ਪਾਤਰ ਹੋ ਗਏ।

ਹੁਣ ਤੇ ਮੇਰੇ ਪਿੰਡ ਵਾਲੇ, ਕੰਬਦੇ ਅਖ਼ਬਾਰ ਤੋਂ,
ਵਕਤ ਹੱਥੋਂ ਇਹ ਵਿਚਾਰੇ ਕਿੰਨੇ ਆਤੁਰ ਹੋ ਗਏ।

ਦਰੋਪਦੀ ਦੀ ਪੱਤ ਲੁੱਟੇ ਰੋਜ਼ ਹੀ ਕੌਰਵ ਸਭਾ,
ਸਿਤਮ ਤਾਂ ਇਹ ਹੈ ਕਿ ਹੁਣ ਖਾਮੋਸ਼ ਠਾਕੁਰ ਹੋ ਗਏ।

ਮਨ ਦੇ ਅੰਦਰ ਖਲਬਲੀ ਹੈ, ਕਦਮ ਪਿੱਛੇ ਖਿਸਕਦੇ,
ਤੁਰ ਰਿਹਾਂ ਪਰ ਦੂਰ ਮੈਥੋਂ ਕਿਉਂ ਤੇਰੇ ਦਰ ਹੋ ਗਏ।

ਔੜ ਮਾਰੀ ਧਰਤ ਵਾਂਗੂੰ ਖੁਸ਼ਕ ਅੱਖ ਦੇ ਖ੍ਵਾਬ ਸੀ,
ਦਿਲ ਅਚਾਨਕ ਪਿਘਲਿਆ ਤੇ ਨੈਣ ਵੀ ਤਰ ਹੋ ਗਏ।

ਮਿਰਗਾਵਲੀ-86