ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨਜੀਤ ਤੇ ਮੋਹਨ ਗਿੱਲ ਦੇ ਨਾਂ....

ਮੇਰੇ ਵੀਰੋ, ਮਾਂ ਪਿਉ ਜਾਇਓ, ਅੱਗੇ ਲੱਗਿਆ ਜਾਲ ਬਈ।
ਹਾਲੇ ਤਾਂ ਰੋਹੀਆਂ ਵਿਚ, ਕੂਕਣ, ਪਿਛਲੇ ਹੀ ਕੰਕਾਲ ਬਈ।

ਕੈਸਾ ਮੌਸਮ ਆਇਆ ਸਾਨੂੰ ਸਿਵਿਆਂ ਦੇ ਰਾਹ ਲੈ ਤੁਰਿਆ,
ਮੌਲਾ ਖ਼ੈਰ ਕਰੇ ਹੁਣ ਸਿਰ ਤੇ ਚੜ੍ਹਿਆ ਆਣ ਸਿਆਲ ਬਈ।

ਇਹ ਵਿਗਿਆਨੀ ਮੰਨਣ ਜਾਂ ਨਾ ਮੰਨਣ ਮਰਜ਼ੀ ਉਨ੍ਹਾਂ ਦੀ,
ਜ਼ਾਲਮ ਦੇ ਹੱਥਾਂ ਵਿੱਚ ਧਰਤੀ, ਤਾਂ ਹੀ ਆਉਣ ਭੂਚਾਲ ਬਈ।

ਇਨਕਲਾਬ ਨੇ ਕੀਹ ਆਉਣਾ ਸੀ, ਦੋ ਅਮਲੀ ਨੇ ਮਾਰ ਲਿਆ,
ਸੱਜੇ ਖੱਬੇ ਪਹੀਏ ਚੱਲਦੇ, ਵੱਖੋ ਵੱਖਰੀ ਚਾਲ ਬਈ।

ਖਾਲਸਿਆਂ ਦੀ ਵਾਸੀ ਅੰਦਰ ਥਾਂ ਥਾਂ ਆਰੇ ਚਾਲੂ ਨੇ,
ਬਿਰਖ ਵਿਹੁਣਾ ਹੋ ਚੱਲਿਆ ਏ ਲੱਖੀ ਜੰਗਲ ਢਾਲ ਬਈ।

ਮਿਰਗਜਲੀ ਦੇ ਪਿੱਛੇ ਪਿੱਛੇ ਤੁਰਦੇ ਤੁਰਦੇ ਮਰ ਚੱਲੇ,
ਜਨਮ ਘੜੀ ਤੋਂ ਅੱਜ ਤੀਕਰ ਤਾਂ ਹਾਲੋਂ ਹਾਂ ਬੇਹਾਲ ਬਈ।

ਨਵੇਂ ਸਾਲ ਦਾ ਜਸ਼ਨ ਮਨਾ, ਹਰ ਵਾਰ ਭੁਲੇਖਾ ਖਾਂਦੇ ਹਾਂ,
ਵੇਖਿਓ ਸੂਹਾ ਫੁੱਲ ਖਿੜੇਗਾ, ਏਥੇ ਅਗਲੇ ਸਾਲ ਬਈ।

ਮਿਰਗਾਵਲੀ-85