ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਮਨ ਫੱਲੜ੍ਹ ਦੇ ਨਾਂ....

ਜਬਰ ਸਬਰ ਦਾ ਜ਼ਿਕਰ ਹਮੇਸ਼ਾਂ ਤੁਰਦਾ ਨਾਲੋਂ ਨਾਲ ਸਦਾ।
ਫ਼ਾਸਲਿਆਂ ਦੇ ਬਾਵਜੂਦ ਜਿਉਂ ਪਾਣੀਪੱਤ ਕਰਨਾਲ ਸਦਾ।

ਅੰਬਰ ਦੇ ਵਿਚ ਤਾਰੇ ਰਾਹੀਂ ਜਗਦੇ ਏਦਾਂ ਲੱਗਦੇ ਨੇ,
ਨੇਰ੍ਹ ਮਿਟਾਵਣ ਖਾਤਰ ਤਣਿਆ, ਚਾਨਣੀਆਂ ਦਾ ਜਾਲ ਸਦਾ।

ਬੇਸੁਰਿਆਂ ਦੇ ਹੱਥ ਸਿਤਾਰਾਂ, ਚੀਕਦੀਆਂ ਨੇ ਤਾਰਾਂ ਸੁਣ,
ਜ਼ਿੰਦਗੀ ਵਾਲੀ ਝਾਂਜਰ ਤਾਹੀਉਂ, ਤਾਲੋਂ ਹੈ ਬੇਤਾਲ ਸਦਾ।

ਦਸਤਾਰਾਂ ਵੀ ਘੱਟੇ ਰੁਲੀਆਂ, ਚੁੰਨੀਆਂ ਬਣੀਆਂ ਫਾਹੀਆਂ ਨੇ,
ਇਕ ਵੀ ਉੱਤਰ ਮਿਲਦਾ ਨਹੀਓਂ, ਰੁਲਦੇ ਫਿਰਨ ਸਵਾਲ ਸਦਾ।

ਵੇਖ ਮੁਜ਼ਾਰੀਂ ਰੌਣਕ ਮੇਲੇ, ਕਬਰੀਂ ਦੀਵੇ ਜਗਦੇ ਨੇ,
ਪੌਣ ਮਰਸੀਏ ਗਾਉਂਦੀ ਰੋਂਦੀ, ਹਾਲੋਂ ਹੈ ਬੇਹਾਲ ਸਦਾ।

ਲੁੱਟਣ, ਕੁੱਟਣ, ਜੜ੍ਹ ਤੋਂ ਪੁੱਟਣ, ਧਰਤੀ ਦੀ ਮਰਯਾਦਾ ਨੂੰ,
ਧਰਮੀ ਪੁੱਤ ਯੁਧਿਸ਼ਟਰ ਚੱਲਣ, ਵੇਖੋ ਕੈਸੀ ਚਾਲ ਸਦਾ।

ਆਣ ਜਗਾਉਂਦੇ ਬੈਠੇ ਸੁੱਤੇ, ਬਾਬਾ ਓਹੀ ਸਾਰੇ ਫੇਰ,
ਰਲਦੇ ਵੇਖ, ਮੁਕੱਦਮ ਸਾਰੇ, ਰਾਜੇ ਸ਼ੀਂਹਾਂ ਨਾਲ ਸਦਾ।

ਮਿਰਗਾਵਲੀ-84