ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੰਦਰਪ੍ਰੀਤ ਸਿੰਘ ਚੱਢਾ ਦੇ ਨਾਂ.....

ਅਜਬ ਹੈ ਇਹ ਗਜ਼ਬ ਵੀ ਹੈ, ਧਰਮ ਦੀ ਸੌਦਾਗਰੀ।
ਕਰ ਰਹੇ ਧਰਮਾਤਮਾ ਵੀ ਕੁਰਸੀਆਂ ਦੀ ਚਾਕਰੀ।

ਹੁਕਮ ਦੀ ਕਰਨਾ ਅਦੂਲੀ, ਫ਼ਰਜ਼ ਵੀ ਤੇ ਸ਼ੌਕ ਵੀ,
ਪੱਥਰਾਂ ਦੇ ਸ਼ਹਿਰ ਅੰਦਰ ਕਰ ਰਿਹਾਂ ਸ਼ੀਸ਼ਾਗਰੀ।

ਭੁੱਲ ਗਏ ਨੇ ਫ਼ਰਕ ਲੋਕੀਂ ਜੀਣ ਦਾ ਤੇ ਮਰਨ ਦਾ,
ਮੰਨ ਗਏ ਉਸਤਾਦ ਤੇਰੀ ਅਜਬ ਹੈ ਜਲਵਾਗਰੀ।

ਇੱਕ ਹੀ ਉਂਕਾਰ ਸਾਡਾ, ਜਾਪਦਾ ਖ਼ਤਰੇ ਅਧੀਨ,
ਪਿੰਡ ਗੇੜਾ ਮਾਰਦੇ ਹੁਣ ਮੌਲਵੀ ਤੇ ਪਾਦਰੀ।

ਬਿਰਖ਼ ਬੂਟੇ ਗੈਰਹਾਜ਼ਰ, ਇੱਟ ਪੱਥਰ ਬੇਸ਼ੁਮਾਰ,
ਸ਼ਹਿਰ ਵਿਚ ਹੁੰਦੀ ਸੀ ਪਹਿਲਾਂ ਏਸ ਥਾਂ ਬਾਰਾਂਦਰੀ।

ਬਿਨ ਬੁਲਾਵੇ ਰੋਜ਼ ਆਵੇਂ, ਸੁਪਨਿਆਂ ਨੂੰ ਬਾਰ ਬਾਰ,
ਕਿਉਂ ਤੂੰ ਸਾਡੇ ਦਿਲ ਦੀ ਏਦਾਂ ਕਰ ਰਿਹਾ ਏਂ ਮੁਖ਼ਬਰੀ।

ਫ਼ਸਲ ਸੋਇਆਂ ਦੀ ਖੜ੍ਹੀ, ਭਰਪੂਰ ਮੁੜ ਕੇ ਦੇਖ ਲੈ,
ਮੀਰ ਮੰਨੂ ਮਰ ਗਿਆ ਹੈ, ਕਾਇਮ ਉਸ ਦੀ ਦਾਤਰੀ।

ਮਿਰਗਾਵਲੀ-83