ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਕਤ ਦੇ ਇਸ ਕਾਫ਼ਲੇ ਨੂੰ ਵਾਚਣਾ ਨਾ ਸਰਸਰੀ।
ਇਹ ਤਾਂ ਦਰਿਆ ਦਰਦ ਭਰਿਆ ਤੇ ਸਭਾਅ ਹੈ ਨਾਬਰੀ।

ਖੇਤ ਜਦ ਵੀ ਜਾਗਦੇ ਨੇ, ਧਰਤ ਆਵੇ ਜ਼ਲਜ਼ਲਾ,
ਕੰਬਦੇ ਧੌਲਰ ਤੇ ਕੁਰਸੀ, ਨੱਕੋ ਨੱਕ ਜੋ ਆਫ਼ਰੀ।

ਲੋਕਤਾ ਦੇ ਹੜ੍ਹ ਦੇ ਅੱਗੇ, ਕੌਣ ਤੱਗ ਸਕਦਾ ਭਲਾ,
ਮਾਣਮੱਤੀ ਜ਼ਿੰਦਗੀ ਜਿੰਨ੍ਹਾਂ ਦੀ ਮੰਜ਼ਿਲ ਆਖ਼ਰੀ।

ਬਹੁਤ ਵਾਰੀ ਹੱਥ ਨੇੜੇ ਪਹੁੰਚਿਆ ਤੇ ਤਿਲਕਿਆ,
ਧਰਤ ਪੈਰਾਂ ਹੇਠ ਸਾਡੇ ਖਿਸਕਵੀਂ ਤੇ ਮਰਮਰੀ।

ਕਿਉਂ ਮੁਸੀਬਤ ਭੁੱਲ ਜਾਂਦੀ ਅੱਖ ਦੇ ਇੱਕ ਫੋਰ ਵਿਚ,
ਵਰਤਦਾ ਚਾਰ ਹਮੇਸ਼ਾਂ ਧਰਮ ਦੀ ਜਾਦੂਗਰੀ।

ਫੁੱਲ ਨੂੰ ਅੰਗਿਆਰ ਤੇ ਧਰਨਾ ਤੇ ਕਹਿਣਾ ਸਬਰ ਕਰ,
ਕਿਉਂ ਨਹੀਂ ਰੁਕਦੀ ਨਿਰੰਤਰ ਜਾਬਰਾਨਾ ਬਰਬਰੀ।

ਸ਼ਾਸਤਰ ਨੂੰ ਕੌਣ ਮਾਰੇ, ਅਗਨ ਸਾੜੇ, ਭਰਮ ਹੈ,
ਸਰਬ ਸਮਿਆਂ ਤੀਕ ਜਗਣੀ, ਜੋਤ ਇਹ ਆਸਾਵਰੀ।

ਮਿਰਗਾਵਲੀ-82