ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਪਾਪ ਵਾਲੀ ਜੰਝ ਘਰੋਂ ਆਪਣੇ ਹੀ ਚੜ੍ਹੀ।
ਵੇਖ ਅੰਬਰਾਂ 'ਚ ਲਾਲਗੀ ਹਨ੍ਹੇਰ ਪਿੱਛੇ ਖੜ੍ਹੀ।

ਵੇਖ ਪੁਤਲੀ ਦਾ ਨਾਚ ਐਵੇਂ ਤਾੜੀਆਂ ਨਾ ਮਾਰ,
ਇਹ ਵੀ ਵੇਖ ਤੇ ਪਛਾਣ, ਪਿੱਛੇ ਡੋਰ ਕਿਸ ਫੜੀ।

ਹੁਣ ਫੇਰ ਤੁਰੀ ਲਹਿੰਦੀ ਗੁੱਠੋਂ ਬੱਦਲਾਂ ਦੀ ਧਾੜ,
ਅਜੇ ਮੁੱਕੀ ਨਾ ਸੀ ਪਹਿਲਾਂ ਵਾਲੀ ਹੰਝੂਆਂ ਦੀ ਝੜੀ।

ਭਾਵੇਂ ਤਖ਼ਤ ਲਾਹੌਰ, ਭਾਵੇਂ ਦਿੱਲੀ ਦਰਬਾਰ,
ਤਾਜ਼ਦਾਰਾਂ ਨੂੰ ਹਮੇਸ਼ ਹੁੰਦੀ ਲੱਥੀ ਨਾ ਹੀ ਚੜ੍ਹੀ।

ਰਾਤੀਂ ਸੁਪਨੇ 'ਚ ਕੰਬਿਆ ਵਜੂਦ ਮੇਰਾ ਸਾਰਾ,
ਜਿਸ ਖਾਧੀ ਸੀ ਜਵਾਨੀ, ਇਹ ਤੇ ਓਸ ਦੀ ਹੈ ਕੜੀ।

ਨਾ ਸਿਕੰਦਰਾ ਨੂੰ ਭੁੱਲੀਂ, ਹੋ ਕੇ ਘੋੜੇ ਤੇ ਸਵਾਰ,
ਸਦਾ ਧਰਤੀ ਦੇ ਪੁੱਤਰਾਂ ਨੇ ਵਾਗ ਤੇਰੀ ਫੜੀ।

ਸਾਨੂੰ ਕਹੇ ਇਤਿਹਾਸ ਤੇ ਆਨੰਦਪੁਰੀ ਖ਼ੂਨ,
ਅਸੀਂ ਜਾਬਰਾਂ ਦੀ ਮੰਨਣੀ ਨਾ ਕਦੇ ਵੀ ਜੀ ਤੜੀ।

ਸਾਡੇ ਵਿਚੋਂ ਹੀ ਔਰੰਗੇ ਤੇ ਫਰੰਗੀਆਂ ਦੇ ਪੁੱਤ,
ਜਿਹੜੇ ਮਨ ਦੇ ਸਰੋਵਰਾਂ 'ਚ ਘੋਲਦੇ ਨੇ ਕੜ੍ਹੀ।

ਦੱਸਾਂ ਭੇਤ ਵਾਲੀ ਗੱਲ, ਮੰਨੀਂ ਅੱਜ ਭਾਵੇਂ ਕੱਲ੍ਹ,
ਕਦੇ ਸੱਜਣਾ, ਭਰਾਵਾਂ ਨਾਲ ਕਰੀਏ ਨਾ ਅੜੀ।

ਮਿਰਗਾਵਲੀ-81