ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਿਆਂ ਦੇ ਪੁੱਤ ਰਾਜੇ ਬਣ ਗਏ, ਘਾਹੀਆਂ ਦੇ ਪੁੱਤ ਘਾਹੀ ਨੇ।
ਜ਼ਿੰਦਗੀ ਮੌਤ ਬਰਾਬਰ ਕੀਤੀ, ਦੀਨ ਈਮਾਨ ਦੀ ਫਾਹੀ ਨੇ।

ਆਦਮਖ਼ੋਰ ਆਵਾਜ਼ ਤੇ ਹੋਕਾ ਜਿਸਦੇ ਮੂੰਹੋਂ ਸੁਣਦੇ ਰਹੇ,
ਤਾਂਡਵ ਨਾਚ ਬੜਾ ਚਿਰ ਨੱਚਿਆ, ਵਰਦੀਧਾਰ ਸਿਪਾਹੀ ਨੇ।

ਜੋ ਕੁਝ ਵੀ ਹੈ ਮੰਗਿਆਂ ਮਿਲਦਾ, ਉਸ ਨੂੰ ਦੌਲਤ ਨਹੀਂ ਕਹਿੰਦੇ,
ਕੀਹ ਜ਼ਿੰਦਗੀ ਦੀ ਝੌਲੀ ਪਾਇਆ, ਅਸਲ ਸਵਾਲ ਤੇ ਆਹੀ ਨੇ।

ਕੀਮਤ ਤਾਰੇ ਬਿਨ ਜੋ ਮਿਲਦਾ, ਖਾਣਾ ਪੀਣਾ ਸੌਖਾ ਹੈ,
ਧਰਤੀ ਪੁੱਤਰਾ ਸਮਝ ਨਿਸ਼ਾਨੀ, ਇਹ ਹੀ ਅਸਲ ਤਬਾਹੀ ਨੇ।

ਜਿਸ ਗੱਡੀ ਅਸਵਾਰ ਮੁਸਾਫਿਰ, ਸਿਵਿਆਂ ਅੰਦਰ ਅੰਤ ਪੜਾਅ,
ਮੌਤ ਸਵਾਰੀ ਕਰਦੇ ਪੁੱਤਰ, ਕਿਸ ਮੰਜ਼ਿਲ ਦੇ ਰਾਹੀ ਨੇ।

ਨਾਅਰਾ ਧਰਮ ਈਮਾਨ ਦੀ ਰਾਖੀ ਅਸਲ ਨਿਸ਼ਾਨਾ ਹੋਰ ਕਿਤੇ,
ਅੰਨ੍ਹੀ ਰੱਯਤ ਗਿਆਨ ਦੇ ਬਾਝੋਂ, ਬਣ ਗਏ ਕਾਨੇ ਕਾਹੀ ਨੇ।

ਇਸ ਪਾਸੇ ਦੁਸ਼ਮਣ ਦੀਆਂ ਫ਼ੌਜਾਂ, ਦੂਜੇ ਬੰਨੇ ਕੌਣ ਭਲਾ,
ਸਾਡੇ ਜੋ ਹਮਦਰਦ ਕਹਾਉਂਦੇ, ਵੇਖੋ ਜੀ ਕਿਸ ਬਾਹੀ ਨੇ।

ਮਿਰਗਾਵਲੀ-80