ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਵਾਰੀ ਨਾ ਦਿਲ ਦੇ ਆਖੇ, ਦੀਵੇ ਬਾਲ਼ ਦੀਵਾਲੀ ਨੂੰ।
ਅੱਥਰੂ ਅੱਥਰੂ ਟੀਂਡੇ ਵੇਖੀ, ਖੇਤ 'ਚ ਰੁਲਦੇ ਹਾਲ਼ੀ ਨੂੰ।

ਦੋ ਡੰਗ ਦੀ ਜੋ ਰੋਟੀ ਖ਼ਾਤਰ, ਪੜ੍ਹਨ ਸਕੂਲੋਂ ਰਹਿ ਚੱਲਿਆ,
ਸਿਰ ਤੇ ਪੈਰੋਂ ਨੰਗ ਧੜੰਗੇ, ਭੁੱਲ ਨਾ ਜਾਇਓ ਪਾਲ਼ੀ ਨੂੰ।

ਚੋਰ ਚੋਰ ਦਾ ਰੌਲਾ ਹੁਣ ਤੇ ਚੋਰ ਵਧੇਰੇ ਪਾਉਂਦੇ ਨੇ,
ਬੁੱਕਲ ਵਿਚ ਲੁਕਾ ਕੇ ਬੈਠਾ ਅਲੀਆ ਬਾਬਾ ਚਾਲ਼ੀ ਨੂੰ।

ਅਣਖ਼ ਦੀ ਰੋਟੀ ਖਾਂਦੇ ਖਾਂਦੇ, ਆਹ ਹੁਣ ਸਾਨੂੰ ਕੀ ਹੋਇਆ,
ਪੀਜ਼ਾ ਬਰਗਰ ਖੋਹ ਕੇ ਲੈ ਗਏ, ਸਾਡੇ ਹੱਥ 'ਚੋਂ ਥਾਲ਼ੀ ਨੂੰ।

ਚਿੱਟੀ ਦਾਲ 'ਚ ਕਾਲਾ ਦਾਣਾ ਮੇਰੀ ਮਾਂ ਲਈ ਮਿਹਣਾ ਸੀ,
ਹੁਣ ਤੇ ਸਾਰੀ ਦਾਲ ਕਲੂਟੀ, ਕਹੀਏ ਕੀਹ ਹੁਣ ਕਾਲ਼ੀ ਨੂੰ।

ਸਿਰ ਤੋਂ ਲਹਿ ਕੇ ਸਾਡੀ ਪਗੜੀ, ਥਾਂ ਪੁਰ ਥਾਂ ਜੇ ਰੁਲਦੀ ਹੈ,
ਚਿਰ ਹੋਇਆ ਸੀ ਸਾਨੂੰ ਵੀ ਤਾਂ ਇੱਜ਼ਤ ਵਾਂਗ ਸੰਭਾਲ਼ੀ ਨੂੰ।

ਕੀਹ ਹੋਇਆ ਜੇ ਡਾਂਗ ਤੇ ਗੋਲੀ ਮਿਲਦੀ ਤੈਨੂੰ ਸ਼ੁਕਰ ਮਨਾ,
ਇਹ ਹੀ ਸਨਦ ਹਕੂਮਤ ਦੇਵੇ, ਹੱਕ ਸੱਚ ਦੀ ਰਖਵਾਲ਼ੀ ਨੂੰ।

ਮਿਰਗਾਵਲੀ-79