ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਹਿਮ ਦੀ ਬਗੀਚੜੀ 'ਚ ਚਿੜੀ ਵੀ ਨਾ ਚੂਕਦੀ।
ਹਾਏ ਮੇਰੀ ਜਿੰਦ ਚੱਲੀ, ਜਿੰਦ ਚਲੀ ਕੂਕਦੀ।

ਚੱਲਿਆ ਪਟਾਕਾ ਭਾਵੇਂ ਬੱਚਿਆਂ ਲਈ ਖੇਡ ਹੈ,
ਕੰਬਿਆ ਵਜੂਦ, ਜਾਪੇ ਗੋਲੀ ਜਾਵੇ ਸ਼ੂਕਦੀ।

ਏਸ ਨੇ ਹਮੇਸ਼ ਲਾਈਆਂ ਸਿਵਿਆਂ 'ਚ ਰੌਣਕਾਂ,
ਕਲਮੂੰਹੀ ਬੂਥੀ ਸਦਾ, ਚੰਦਰੀ ਬੰਦੂਕ ਦੀ।

ਤੈਨੂੰ ਸੀ ਬਣਾਇਆ, ਭਗਵਾਨ ਰਾਖੀ ਵਾਸਤੇ,
ਤੇਰੇ ਤੋਂ ਉਮੀਦ ਨਾ ਸੀ, ਇਹੋ ਜਿਹੇ ਸਲੂਕ ਦੀ।

ਸਾਡਿਆਂ ਤੇ ਹਾਉਕਿਆਂ ਦੀ, ਜਾਣੀ ਨਾ ਤੂੰ ਵੇਦਨਾ,
ਅੰਬਰਾਂ ਨੂੰ ਚੀਰਦੀ, ਹਮੇਸ਼ ਪੀੜ ਹੂਕ ਦੀ।

ਰੂਹ ਮੇਰੀ ਉੱਤੇ ਏਸ ਵੇਲੇ ਜਿੰਨਾ ਭਾਰ ਹੈ,
ਜਿੰਦ ਚੁੱਕ ਸਕੇ, ਇਹ ਔਕਾਤ ਨਹੀਂ ਮਲੂਕ ਦੀ।

ਅੱਕ ਦੀ ਤੂੰ ਰਾਖੀ ਕਰੇਂ ਅੰਬ ਵੱਢੇ ਰਾਜਿਆ,
ਸਮਝ ਨਾ ਆਵੇ ਤੈਨੂੰ ਸਿੱਧੀ ਸਾਦੀ ਟੂਕ ਦੀ।

ਮਿਰਗਾਵਲੀ-78