ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੈਣ ਜਦੋਂ ਬਰਸਣ ਲਈ ਤਰਸਣ, ਉਹ ਪਲ ਕਦੇ ਨਾ ਆਵੇ ਰੱਬਾ।
ਹਾਉਕਾ ਬਾਹਰ ਨਿਕਲਣੋਂ ਸਹਿਮੇ, ਵਕਤ ਨਾ ਇੰਜ ਡਰਾਵੇ ਰੱਬਾ।

ਦਾਨਿਸ਼ ਨੂੰ ਬੇਅਦਬ ਕਰਨ ਦੀ, ਰੀਤ ਪੁਰਾਣੀ ਮਰ ਮੁੱਕ ਜਾਵੇ,
ਅਦਲੀ ਰਾਜਾ ਸੱਚ ਨੂੰ ਫਾਂਸੀ, ਹੁਣ ਨਾ ਫੇਰ ਸੁਣਾਵੇ ਰੱਬਾ।

ਪੌਣਾਂ ਵਿਚ ਜ਼ਹਿਰੀਲਾ ਧੂੰਆਂ, ਧਰਮ ਕਰਮ ਦੇ ਨਾਂ ਦੇ ਥੱਲੇ,
ਇਨਸਾਨਾਂ ਨੂੰ ਫੇਰ ਕੁਰਾਹੇ, ਪਾ ਨਾ ਬਲੀ ਚੜ੍ਹਾਵੇ ਰੱਬਾ।

ਪੁਸਤਕ ਸਾਲ, ਚਕਿਤਸਾ ਗੁੰਮੀ, ਪਾਠਸ਼ਾਲ ਦੀ ਥਾਂ ਵੀ ਉੱਜੜੀ,
ਗੁੰਮ ਗਵਾਚ ਗਏ ਨੇ ਚਾਰੋਂ, ਧਰਮਸਾਲ ਦੇ ਪਾਵੇ ਰੱਬਾ।

ਸ਼ਬਦ ਗੁਰੂ ਰਖਵਾਲਾ ਸਾਡਾ, ਪਰ ਕਿਉਂ ਆਗੂ ਅਕਲੋਂ ਪੈਦਲ,
ਪੰਜ ਸਦੀਆਂ ਵਿਚ ਜੋ ਨਾ ਆਈ, ਕਿਹੜਾ ਅਕਲ ਸਿਖਾਵੇ ਰੱਬਾ।

ਜ਼ਿੰਦਗੀ ਮੈਨੂੰ ਇਹ ਸਮਝਾਉਂਦੀ, ਮੁੜ ਮੁੜ ਨਾਅਰੇ ਮਾਰ ਡਰਾਉਂਦਾ,
ਜਿਸ ਨੇ ਬਚਪਨ ਸਣੇ ਜਵਾਨੀ, ਖਾਧੀ, ਮੁੜ ਨਾ ਆਵੇ ਰੱਬਾ।

ਰੱਤੇ ਰੰਗ ਹਲਵਾਨ ਦੇ ਉੱਤੇ, ਮੋਰ ਬੂਟੀਆਂ ਰੀਝਾਂ ਸਾਲਮ,
ਪੱਟ ਦਾ ਧਾਗਾ ਸੂਈ ਅੰਦਰ ਤੁਧ ਬਿਨ ਕਿਹੜਾ ਪਾਵੇ ਰੱਬਾ।

ਧਰਤੀ ਉੱਤੇ ਲੀਕ ਤਾਂ ਵਾਹੀਂ, ਰੂਹਾਂ ਵਿਚ ਨਾ ਵੰਡੀਆਂ ਪਾਵੀਂ,
ਯਮਲਾ ਸ਼ਹਿਰ ਲਾਹੌਰ ਤੇ ਆਲਮ ਅੰਬਰਸਰ ਵਿੱਚ ਗਾਵੇ ਰੱਬਾ।

ਮਿਰਗਾਵਲੀ-77