ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਮੁਹੱਬਤ ਖ਼ੁਸ਼ਬੂ ਕਬਜ਼ਾ ਠੀਕ ਨਹੀਂ।
ਦੋ ਸਾਹਾਂ ਵਿਚ ਹੁੰਦੀ ਕੋਈ ਲੀਕ ਨਹੀਂ।

ਚੰਨ ਦਾ ਟੋਟਾ ਮੇਰੀ ਬੁੱਕਲ ਆਣ ਪਿਆ,
ਉਂਝ ਧਰਤੀ ਦੇ ਭਾਵੇਂ ਇਹ ਨਜ਼ਦੀਕ ਨਹੀਂ।

ਰੂਹ ਦਾ ਪਿਆਰ ਉਧਾਰਾ ਦੇ ਕੇ ਦਿਲਬਰ ਨੂੰ,
ਕੀ ਹੋਇਆ ਜੇ ਪਹੁੰਚੇ ਮੰਜ਼ਿਲ ਤੀਕ ਨਹੀਂ।

ਜਿਸਮਾਂ ਦੀ ਮੋਹਤਾਜ ਚਾਨਣੀ ਨਹੀਂ ਹੁੰਦੀ,
ਏਸੇ ਕਰਕੇ ਲੱਗਦੀ ਇਸ ਨੂੰ ਡੀਕ ਨਹੀਂ।

ਰੰਗਾਂ ਵਿਚ ਖੁਸ਼ਬੋਈ ਵੇਖੀ, ਮਾਣ ਲਈ,
ਤੁਧ ਬਿਨ ਕਰਨੀ ਹੋਰ ਕਿਸੇ ਤਸਦੀਕ ਨਹੀਂ।

ਦੂਰ ਦੇਸ ਪਰਦੇਸ ਬੇਗਾਨੀ ਧਰਤੀ ਤੇ,
ਸੱਜਣਾਂ ਨੂੰ ਕਿਉਂ ਸੁਣਦੀ ਮੇਰੀ ਚੀਕ ਨਹੀਂ।

ਦਿਲ ਤੋਂ ਦਿਲ ਤਲਵਾਰ ਧਾਰ ਦਾ ਪੈਂਡਾ ਹੈ,
ਇਸ ਤੋਂ ਵਧ ਕੇ ਕੋਈ ਸਫ਼ਰ ਬਰੀਕ ਨਹੀਂ।

ਮੈਂ ਤੇ ਵਗਦੀ ਪੌਣ ਹਵਾ ਦਾ ਬੁੱਲਾ ਹਾਂ,
ਬਦਨ ਮੇਰਾ ਤਾਂ ਮੇਰੇ ਨਾਲ ਸ਼ਰੀਕ ਨਹੀਂ।

ਤੂੰ ਮੇਰੇ ਵਿਚ ਸੁੱਤਾ ਨਾਗ ਜਗਾ ਦਿੱਤਾ,
ਕੀਲ ਪਟਾਰੀ ਪਾਉਣਾ ਵੀ ਹੁਣ ਠੀਕ ਨਹੀਂ।

ਮਿਰਗਾਵਲੀ-76