ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਦੁੱਧ ਦੀ ਰਾਖੀ ਬਿੱਲਿਆਂ ਨੂੰ ਹੀ ਪਹਿਰੇਦਾਰ ਬਿਠਾਉਗੇ।
ਪਛਤਾਉਗੇ ਪਛਤਾਉਗੇ, ਮੈਂ ਫਿਰ ਕਹਿੰਨਾਂ ਪਛਤਾਉਗੇ।

ਤਾਕਤ ਦਾ ਨਸ਼ਾ ਅਜੀਬ ਜਿਹਾ, ਬੰਦੇ ਨੂੰ ਕੀੜੀ ਦੱਸਦਾ ਹੈ,
ਜਦ ਵਕਤ ਨੇ ਉੱਤਰ ਮੰਗਿਆ ਤਾਂ, ਫਿਰ ਹੱਥ ਮਲਦੇ ਰਹਿ ਜਾਉਗੇ।

ਧਰਤੀ ਦੀ ਅਸਲ ਹਕੀਕਤ ਨੂੰ, ਵੇਖਣ ਤੋਂ ਹੋ ਇਨਕਾਰੀ ਕਿਉਂ,
ਕਿੰਨੀ ਕੁ ਦੇਰ ਮੁਸੀਬਤ ਤੋਂ, ਮੂੰਹ ਫੇਰ ਫੇਰ ਲੰਘ ਜਾਉਗੇ।

ਕਦ ਤੀਕਣ ਸੁੱਕਣੇ ਪਾਉਣਾ ਹੈ, ਮਾਸੂਮ ਗੁਟਾਰਾਂ ਘੁੱਗੀਆਂ ਨੂੰ,
ਹੁਣ ਉੱਡਣਹਾਰੇ ਪੰਛੀਆਂ ਨੂੰ, ਦੱਸ ਕਿਹੜਾ ਚੋਗਾ ਪਾਉਗੇ।

ਕੁਰਸੀ ਦੀ ਖਾਤਰ ਧਰਮਾਂ ਨੂੰ, ਟੰਗ ਦੇਵੋ ਛਿੱਕੇ ਸ਼ਰਮਾਂ ਨੂੰ,
ਅਸੀਂ ਭਰਮ ਜਾਲ ਨੂੰ ਸਮਝ ਲਿਆ, ਹੁਣ ਸਾਨੂੰ ਕੀ ਸਮਝਾਉਗੇ।

ਸ਼ੀਸ਼ੇ ਨੇ ਉਹ ਕੁਝ ਦੱਸ ਦੇਣਾ, ਜੋ ਵੇਖਣ ਤੋਂ ਇਨਕਾਰੀ ਹੋ,
ਜੇ ਤੋੜ ਦਿਉਗੇ ਇਸ ਨੂੰ ਤਾਂ, ਹਰ ਟੁਕੜੇ ਤੋਂ ਘਬਰਾਉਗੇ।

ਤੁਸੀਂ ਰੱਸੀਆਂ ਦੇ ਸੱਪ ਮਾਰਨ ਲਈ, ਲਾਠੀ ਤੇ ਗੋਲੀ ਵਰਤ ਲਏ,
ਜੇ ਅਸਲ ਪਟਾਰੀ ਖੁੱਲ੍ਹ ਗਈ ਤਾਂ, ਫਿਰ ਕਿੱਦਾਂ ਕੀਲ ਬਿਠਾਉਗੇ।

ਇਹ ਦਰਬਾਰੀ, ਅਖ਼ਬਾਰੀ ਜੋ, ਭਰਮਾਂ ਦਾ ਜਾਲ ਫੈਲਾਉਂਦੇ ਨੇ,
ਇਨ੍ਹਾਂ ਤੋਂ ਮੁਕਤੀ ਸੌਖੀ ਨਹੀਂ, ਕਦ ਤੀਕ ਭੁਲੇਖੇ ਖਾਉਗੇ।

ਆਪਾਂ ਤਾਂ ਸ਼ਬਦ ਲਿਖਾਰੀ ਹਾਂ, ਸਦੀਆਂ ਤੋਂ ਏਦਾਂ ਆਖ ਰਹੇ,
ਇਹ ਧਰਤੀ ਕੁਝ ਵੀ ਰੱਖਦੀ ਨਹੀਂ, ਜੋ ਬੀਜੋਗੇ ਸੋ ਪਾਉਗੇ।

ਮਿਰਗਾਵਲੀ-75