ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਹੱਦਾਂ ਜਾਂ ਚੌਕ ਚੁਰਸਤੇ, ਵਰਦੀ ਵਿਚ ਜੋ ਦਿਸਦੇ ਨੇ।
ਸੱਚੋ ਸੱਚ ਸੁਣਾ ਵੇ ਜੋਗੀ, ਇਹ ਰਖਵਾਲੇ ਕਿਸ ਦੇ ਨੇ।

ਜਬਰ ਕਰੇ ਜੇ ਸੱਤ ਬੇਗਾਨਾ ਪੀੜ ਤੇ ਉਹ ਵੀ ਭੁੱਲਦੀ ਨਾ,
ਸੱਜਣਾਂ ਦੇ ਫੁੱਲ ਜ਼ਖ਼ਮੀ ਕਰਦੇ, ਫੱਟ ਸਦੀਆਂ ਤਕ ਰਿਸਦੇ ਨੇ।

ਮੈਂ ਸਮਿਆਂ ਦਾ ਮੁਣਸ਼ੀ, ਲੇਖਾ ਰੱਖਣਾ ਜ਼ੁੰਮੇਵਾਰੀ ਹੈ,
ਦੱਸਣਾ ਪੈਣਾ ਲੋਕ ਨਿਤਾਣੇ ਕਿਸ ਚੱਕੀ ਵਿਚ ਪਿਸਦੇ ਨੇ।

ਕੁਰਬਾਨੀ ਦਾ ਤੇਲ ਤੇ ਬੱਤੀ ਚੇਤਨਤਾ ਦੀ ਪਾ ਦੇਵੋ,
ਕਾਲੀ ਰਾਤ ਦਾ ਪਹਿਰ ਅਖ਼ੀਰੀ, ਦੀਵੇ ਜਾਂਦੇ ਹਿਸਦੇ ਨੇ।

ਅਗਨ-ਅਨਾਰ ਦਿਉ ਨਾ ਇਸ ਨੂੰ, ਬੱਚਾ ਹੈ ਮਾਸੂਮ ਜਿਹਾ,
ਨਾ ਖੋਹਵੇ ਜੀ ਬਚਪਨ ਇਸ ਦਾ ਖੇਡ ਖਿਡੌਣੇ ਜਿਸ ਦੇ ਨੇ।

ਸਰਬ ਸਮੇਂ ਦੀ ਤਖ਼ਤੀ ਉੱਤੇ ਸਾਬਰ ਜੋ ਵੀ ਨੇ ਲਿਖਦੇ,
ਵਕਤ ਹਮੇਸ਼ ਸੰਭਾਲੇ ਅੱਖਰ, ਜ਼ਾਲਮ ਤੋਂ ਨਾ ਮਿਸਦੇ ਨੇ।

ਏਥੇ ਸੀ ਗੁਰ ਗਿਆਨ ਦਾ ਪਹਿਰਾ, ਸਾਥੋਂ ਸ਼ਬਦ ਗੁਆਚ ਗਿਆ,
ਪੱਥਰ ਦੇ ਭਗਵਾਨ ਦੇ ਅੱਗੇ ਮੱਥੇ ਤਾਹੀਂਓ ਘਿਸਦੇ ਨੇ।

ਮਿਰਗਾਵਲੀ-74