ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹਿਣ ਦਿਆ ਕਰ, ਕਿਉਂ ਪੁੱਛਦਾ ਹੈਂ, ਮੁੜ ਮੁੜ ਕੇ ਤੂੰ ਦਰਦ ਕਹਾਣੀ।
ਪੜ੍ਹਿਆ ਕਰ ਤੂੰ ਦਿਲ ਦੀ ਧੜਕਣ, ਕਤਰਾ ਕਤਰਾ ਅੱਖ ਦਾ ਪਾਣੀ।

ਤੂੰ ਵੀ ਸਮਝ ਨਹੀਂ ਇਹ ਸਕਣਾ, ਆਪ ਮਰੇ ਬਿਨ ਕਿੰਜ ਸਮਝਾਵਾਂ,
ਰੋਜ਼ ਦਿਹਾੜੀ ਲੰਘਣਾ ਪੈਂਦਾ ਮੈਨੂੰ ਸੜਦੇ ਜੰਗਲ ਥਾਣੀਂ।

ਧਰਤੀ ਪਾਲ ਉਸਾਰੇ ਇਸ ਨੂੰ ਖੁਸ਼ਬੂ ਖੁਸ਼ਬੂ ਚੰਦਨ ਗੇਲੀ,
ਪਰ ਬੇਕਦਰੇ ਲੱਕੜਹਾਰੇ, ਕਿੱਕਰ ਜਿੰਨੀ ਕਦਰ ਨਾ ਜਾਣੀ।

ਪਰਛਾਵੇਂ ਦੀ ਉਂਗਲੀ ਫੜ ਕੇ, ਨਾ ਫਿਰ ਬੰਦ ਗਲੀ ਦੇ ਅੰਦਰ,
ਏਸ ਹਨ੍ਹੇਰੇ ਚੋਂ ਨਹੀਂ ਲੱਭਣਾ, ਤੈਨੂੰ ਤੇਰੀ ਰੂਹ ਦਾ ਹਾਣੀ।

ਰਿਸ਼ਤਿਆਂ ਵਿਚ ਵੀ ਤਾਣਾ ਪੇਟਾ, ਸੰਭਲ ਸੰਭਲ ਕੇ ਤਣਨਾ ਪੈਂਦਾ,
ਸਗਲ ਹਯਾਤੀ ਰੋ ਰੋ ਲੰਘਦੀ, ਇੱਕ ਵਾਰੀ ਜੇ ਉਲਝੇ ਤਾਣੀ।

ਭਟਕਣ ਅੰਦਰ ਮਿਰਗ ਮਿਰਗਣੀ ਨੱਸਦੇ ਨੱਸਦੇ ਹਫ਼ ਜਾਂਦੇ ਨੇ,
ਨਾਭੀ ਵਿਚ ਕਸਤੂਰੀ ਦੀ ਵੀ ਸਦੀਆਂ ਲੰਮੀ ਪੀੜ ਪੁਰਾਣੀ।

ਇਹ ਜਾਦੂ ਨਾ ਟੂਣਾ ਕੋਈ ਵੇਖ ਮੁਹੱਬਤੀ ਅੱਖ ਦੀ ਸ਼ਕਤੀ,
ਪਰਬਤ ਜੇਰੇ ਵਾਲਾ ਬੰਦਾ, ਪਿਘਲ ਗਿਆ ਤੇ ਹੋਇਆ ਪਾਣੀ।

ਮਿਰਗਾਵਲੀ-73