ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਗਿਆ ਮੈਨੂੰ ਭਲਾ ਕੀਹ ਹੋ ਗਿਆ।
ਉਹ ਮੇਰੇ ਭਾਗਾਂ 'ਚ ਲਿਖ ਕੇ ਜੋ ਗਿਆ।

ਵੇਖ ਲੈ, ਸਾਲਮ ਸਬੂਤਾ ਆਦਮੀ,
ਤੇਰਿਆਂ ਕਦਮਾਂ 'ਚ ਢੇਰੀ ਹੋ ਗਿਆ।

ਤੂੰ ਭਲਾ ਕੀਹ ਕਦਰ ਜਾਣੀ ਏਸ ਦੀ,
ਦਿਲ ਮੇਰਾ ਨੈਣਾਂ ਦੇ ਥਾਣੀ ਚੋਂ ਗਿਆ।

ਹੁਣ ਮੇਰੇ ਕਿਸ ਕੰਮ ਨੇ ਹਮਦਰਦੀਆਂ,
ਵਕਤ ਨੇ ਸੰਗਸਾਰ ਕੀਤਾ, ਹੋ ਗਿਆ।

ਓਸ ਹੀ ਹਾਉਕੇ 'ਚ ਮੇਰੀ ਜਾਨ ਸੀ,
ਆਖ਼ਰੀ ਹਿਚਕੀ 'ਚ ਸਭ ਕੁਝ ਖੋ ਗਿਆ।

ਐਤਕੀਂ ਫੱਟੇ ਪੁੰਗਾਰੇ ਫੇਰ ਤੋਂ,
ਬਾਗ਼ ਵਿੱਚ ਖ਼ੁਸ਼ਬੋ ਦਾ ਪੱਲੂ ਛੋਹ ਗਿਆ।

ਫੇਰ ਮਿਲਣਾ ਸ਼ਾਇਦ ਸੁਪਨੇ ਵਾਂਗ ਹੈ,
ਰਹਿਣ ਦੇ, ਹੋਣਾ ਸੀ ਜੋ ਹੁਣ ਹੋ ਗਿਆ।

ਕੰਡ ਕਰਕੇ ਤੂੰ ਤੁਰੀ ਸੀ, ਓਸ ਪਲ,
ਵਕਤ ਵੀ ਬੂਹਾ ਬਰਾਬਰ ਢੋਂ ਗਿਆ।

ਮਿਰਗਾਵਲੀ-72