ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੈਨੂੰ ਇਸ ਦਾ ਇਲਮ ਪਤਾ ਨਹੀਂ, ਹੈ ਕਿ ਨਹੀਂ, ਮੈਂ ਤੇਰੇ ਸਾਹਾਂ ਵਿਚ ਵਸਣਾ ਚਾਹੁੰਦਾ ਹਾਂ।
ਅਣਬੋਲੇ 'ਚੋਂ ਖ਼ੁਦ ਤੂੰ ਆਪੇ ਜਾਣ ਲਵੀਂ, ਸ਼ਬਦਾਂ ਤੋਂ ਬਿਨ ਤੈਨੂੰ ਦਸਣਾ ਚਾਹੁੰਦਾ ਹਾਂ।

ਸਿਖ਼ਰ ਪਹਾੜੀ ਚੋਟੀ ਪਈਆਂ ਬਰਫ਼ਾਂ ਜਿਉਂ, ਪਿਘਲਣ ਮਗਰੋਂ ਭਾਫ਼ ਬਣਨ ਤੇ ਉੱਡ ਜਾਵਣ,
ਧਰਤ ਤਰੇੜੀ ਮੰਗੇਗੀ ਜਦ ਪਾਣੀ ਨੂੰ, ਵਾਂਗ ਮੇਘਲੇ ਖੁੱਲ ਕੇ ਵਸਣਾ ਚਾਹੁੰਦਾ ਹਾਂ।

ਜਿਉਂ ਭੁੰਨਦੀ ਭਠਿਆਰੀ ਦਾਣੇ ਮੱਕੀ ਦੇ, ਖਿੜ ਜਾਂਦੇ ਨੇ ਸੇਕ ਮਿਲਣ ਤੇ ਸਾਰੇ ਹੀ,
ਮਿਲ ਜਾਵੇ ਜੇ ਕਿਣਕਾ ਨਿੱਘ ਦਾ ਤੇਰੇ ਤੋਂ, ਬਾਕੀ ਉਮਰਾ ਖੁਲ੍ਹ ਕੇ ਹਸਣਾ ਚਾਹੁੰਦਾ ਹਾਂ।

ਜਿਸਮ ਹਮੇਸ਼ਾਂ ਮੰਗਦੇ ਰਹਿੰਦੇ ਜਿਸਮਾਂ ਨੂੰ, ਮੇਰਾ ਨਹੀਂ ਦਸਤੂਰ ਕਿ ਚਾਹਵਾਂ ਮਿੱਟੀ ਨੂੰ,
ਤੂੰ ਕਸਤੂਰੀ ਮਿਰਗਣੀਆਂ ਦੀ ਨਾਭੀ ਦੀ, ਗਲਵੱਕੜੀ ਵਿਚ ਘੁੱਟ ਕੇ ਕਸਣਾ ਚਾਹੁੰਦਾ ਹਾਂ।

ਸੂਰਜ ਵੀ ਹਮਸਾਇਆ ਮਾਂ ਪਿਉ ਜਾਇਆ ਹੈ, ਚੰਦਰਮਾ ਵੀ ਅੰਗ ਸੰਗ ਮੇਰੇ ਰਹਿੰਦਾ ਏ,
ਦੋਵੇਂ ਅਕਸਰ ਸੇਵਾ ਪੁੱਛਦੇ ਰਹਿੰਦੇ ਨੇ, ਤੇਰੇ ਮੱਥੇ ਚਾਨਣ ਝਸਣਾ ਚਾਹੁੰਦਾ ਹਾਂ।

ਤੂੰ ਬਣ ਜਾਵੇਂ ਧਰਤੀ ਦੇਸ ਦੋਆਬੇ ਦੀ, ਕੋਇਲ ਵਾਂਗੂੰ ਰੂਹ ਦੇ ਬਾਗੀਂ ਗਾਉਂਦੀ ਰਹੁ,
ਪੈਣ ਛਰਾਟੇ ਸਾਉਣ 'ਚ ਜਦੋਂ ਮੁਹੱਬਤਾਂ ਦੇ, ਟਪਕੇ ਦੇ ਅੰਬ ਵਾਂਗੂੰ ਰਸਣਾ ਚਾਹੁੰਦਾ ਹਾਂ।

ਤੇਰੇ ਮੇਰੇ ਰਾਹ ਵਿੱਚ ਦਰ ਦੀਵਾਰਾਂ ਜੋ, ਅੱਖ ਝਪਕਦੇ ਢਾਹ ਦੇਵਾਂਗਾ ਵੇਖੀ ਜਾਹ,
ਤੇਰੇ ਹਾਸੇ ਨੂੰ ਜਿਹੜਾ ਵੀ ਜਰਦਾ ਨਹੀਂ, ਨਾਗ ਖੜੱਪਾ ਬਣ ਕੇ ਡਸਣਾ ਚਾਹੁੰਦਾ ਹਾਂ।

ਮਿਰਗਾਵਲੀ-71