ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸ ਨੂੰ ਇਸ ਪਲ ਕੀਹ ਪੁੱਗਦਾ ਹੈ ਸਮਝੋ ਏਸ ਕਹਾਣੀ ਨੂੰ।
ਰਿੜਕ ਰਹੇ ਕਿਉਂ ਚਾਟੀ ਅੰਦਰ, ਪਾਣੀ ਵਿੱਚ ਮਧਾਣੀ ਨੂੰ।

ਸਾਡੇ ਪੁੱਤਰ ਧੀਆਂ ਕਾਹਨੂੰ ਭੱਠੀਏਂ ਡਾਹੀ ਜਾਂਦੇ ਹੋ,
ਕਿਉਂ ਉਲਝਾਈ ਜਾਂਦੇ ਅੱਗੇ, ਪਹਿਲੋਂ ਉਲਝੀ ਤਾਣੀ ਨੂੰ।

ਅਮਨ ਅਮਾਨ ਧਰਤ ਤੇ ਹੋਵੇ, ਇਹ ਵੀ ਬਹੁਤ ਜ਼ਰੂਰੀ ਪਰ,
ਕੋਹਰਾਮ ਦੀ ਖ਼ਾਤਰ ਰੋਕ ਦਿਉ ਵੰਡ ਕਾਣੀ ਨੂੰ।

ਧਰਮ ਕਰਮ ਤੋਂ ਡਿਗਿਆ ਬੰਦਾ, ਮਾਲ ਵਿਕਾਊ ਵਰਗਾ ਹੈ,
ਮੈਂ ਇਹ ਗੱਲ ਕੋਲੋਂ ਨਹੀਂ ਕਹਿੰਦਾ, ਪੁੱਛ ਲਵੋ ਗੁਰਬਾਣੀ ਨੂੰ।

ਤੇਰਾ ਕੂੜਾ ਸੌਦਾ ਵਿਕਦਾ ਸੱਚੇ ਵਾਲੇ ਅਸਲੀ ਭਾਅ,
ਕਿੱਦਾਂ ਆਖਾਂ ਸ਼ਹਿਦ ਕਟੋਰੀ ਤੇਰੀ ਖੰਡ ਦੀ ਚਾਹਣੀ ਨੂੰ।

ਗ਼ਮੀ ਖੁਸ਼ੀ ਦੀ ਸਾਂਝੀ ਬੁੱਕਲ ਰਾਜਾ ਕਹੀਏ ਨਾਈ ਨੂੰ,
ਅਣਲੱਗ ਸੂਟ ਕਿਉਂ ਨਹੀਂ ਮਿਲਦਾ, ਉਸ ਰਾਜੇ ਦੀ ਰਾਣੀ ਨੂੰ।

ਸੀਸ ਕਟਾਵੇ ਕਲਮ ਕਰਾਵੇ, ਸਰਬ ਸਮੇਂ ਦੀ ਬਾਤ ਕਹੇ,
ਅਨਹਦ ਨਾਦ ਵਜਾਵੇ, ਸੁਣ ਲਓ ਮਨ ਦੇ ਰੁੱਖ ਦੀ ਟਾਹਣੀ ਨੂੰ।

ਮਿਰਗਾਵਲੀ-70