ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਹੀ ਸੁਣ ਲੈ, ਜੋ ਮੈਂ ਕਹਿਣਾ, ਕੱਲ ਦਾ ਕੋਈ ਇਤਬਾਰ ਨਹੀਂ।
ਦਿਲ ਦੀ ਦੌਲਤ ਮਹਿੰਗਾ ਸੌਦਾ, ਵਿਕਦਾ ਕਿਸੇ ਬਾਜ਼ਾਰ ਨਹੀਂ।

ਗੁਪਤ ਕੈਮਰਾ ਤੈਨੂੰ ਮੈਨੂੰ, ਵੇਖ ਰਿਹੈ, ਪਰ ਭੁੱਲੀਂ ਨਾ ਤੂੰ,
ਹਰਕਤ ਨੂੰ ਇਹ ਫੜ ਸਕਦਾ ਹੈ, ਮਨ ਵਿਚਲਾ ਸੰਸਾਰ ਨਹੀਂ।

ਸਾਈਬਰ ਦਾ ਸੰਸਾਰ ਛਲਾਵਾ ਫਾਈਬਰ ਰੁੱਖ ਦੇ ਪੱਤਿਆਂ ਵਾਂਗ,
ਇਧਰ ਉਧਰ ਕਾ ਮਾਲ ਉਧਾਰਾ, ਇਕ ਵੀ ਮੂਲ ਵਿਚਾਰ ਨਹੀਂ।

ਨਜ਼ਰ, ਨਜ਼ਰੀਆ ਧੁੰਦਲਾ ਕਰਦਾ, ਚੱਟਦਾ ਖ੍ਵਾਬ ਉਡਾਰੀ ਨੂੰ,
ਮੱਕੜੀ ਵਾਂਗੂੰ ਬੰਦਾ ਸਮਝੇ, ਮੈਂ ਤਾਂ ਅਸਲ ਸ਼ਿਕਾਰ ਨਹੀਂ।

ਵਟਸ ਐਪ ਹੈ ਦੱਸੀ ਜਾਂਦਾ, ਨਾਲੋ ਨਾਲ ਹੀ ਸਭ ਖ਼ਬਰਾਂ ਨੂੰ,
ਮੇਰੀ ਲੋੜ 'ਚ ਸ਼ਾਮਲ ਹੁਣ ਇਹ ਟੀ ਵੀ ਤੇ ਅਖ਼ਬਾਰ ਨਹੀਂ।

ਏ ਟੀ ਐਮ ਮਸ਼ੀਨ ਤੇ ਮਾਪੇ ਬਣ ਗਏ ਨੇ ਸਿਰਨਾਵੀਏ ਹੁਣ,
ਜੋ ਕੁਝ ਬੱਚੇ ਮੰਗਣ ਦੇਵੋ, ਬੋਲਣ ਦਾ ਅਧਿਕਾਰ ਨਹੀਂ।

ਅੱਥਰੇ ਘੋੜੇ ਉਪਰ ਚੜ੍ਹ ਕੇ, ਵੇਖੋ ਕਿੱਥੇ ਪਹੁੰਚ ਗਿਆਂ,
ਪੈਰਾਂ ਹੇਠ ਜ਼ਮੀਨ ਹੀ ਨਾ, ਸਿਰ ਉੱਤੇ ਦਸਤਾਰ ਨਹੀਂ।

ਹੋਰ ਕਿਸੇ ਨੂੰ ਕੀ ਆਖਾਂ ਮੈਂ, ਹੁਣ ਤੇ ਆਪ ਗਵਾਚ ਗਿਆਂ,
ਬੁੱਕਲ ਵਿਚ ਬ੍ਰਹਿਮੰਡ ਸਾਂਭਦਾ, ਹੋਇਆ ਕੌਣ ਬੀਮਾਰ ਨਹੀਂ।

ਮਿਰਗਾਵਲੀ-69