ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰਜਿੰਦਰ ਥਿੰਦ ਦੇ ਨਾਂ....

ਦੂਰ ਦੇਸ ਪਰਦੇਸੋਂ ਹੁਣ ਤੂੰ, ਸੱਜਰੀ ਜਹੀ ਮੁਸਕਾਨ ਭੇਜ ਦੇ।
ਦਿਲ ਦੀ ਧੜਕਣ ਖ਼ਾਤਰ ਹੁਣ ਤੂੰ, ਕੁਝ ਤੇ ਮੇਰੀ ਜਾਨ ਭੇਜ ਦੇ।

ਸੁੱਤਿਆਂ ਲੰਮੀ ਰਾਤ ਨਾ ਲੰਘਦੀ, ਨਾਗਣ ਵਾਂਗੂੰ ਰਹਿੰਦੀ ਡੰਗਦੀ,
ਸੂਰਜ ਵਰਗਾ ਸੂਹਾ ਸੁਪਨਾ, ਇੱਕ ਅੱਧ ਤੇ ਮਹਿਮਾਨ ਭੇਜ ਦੇ।

ਪਲਕਾਂ ਦੇ ਵਿਚ ਅਟਕੇ ਅੱਥਰੂ, ਘੜੀ ਮੁੜੀ ਇਹ ਡੁੱਲ੍ਹ ਡੁੱਲ੍ਹ ਪੈਂਦੇ,
ਦਿਲ ਦੇ ਬਹੇ ਪੀੜ ਪ੍ਰਾਹਣੀ, ਰੋਕਣ ਲਈ ਦਰਬਾਨ ਭੇਜ ਦੇ।

ਤੈਨੂੰ ਮਿਲੇ ਬਗੈਰ ਪਰਤਿਆਂ, ਦਿਲ ਦਾ ਕਾਸਾ ਸੱਖਮ ਸੱਖਣਾ,
ਮਹਿਕਾਂ ਦੇ ਸਰਵਰ 'ਚੋਂ ਭਰ ਕੇ, ਜੋ ਤੈਨੂੰ ਪਰਵਾਨ ਭੇਜ ਦੇ।

ਪੈਰਾਂ ਥੱਲੇ ਸਫ਼ਰ ਨਿਰੰਤਰ, ਸਰਜ ਚੰਦ ਸਿਤਾਰੇ ਸਾਰੇ,
ਪੌਣ ਸਵਾਰਾਂ ਖਾਤਰ ਬੀਬਾ ਧਰਤੀ ਤੇ ਅਸਮਾਨ ਭੇਜ ਦੇ।

ਫੁਲਕਾਰੀ ਦੇ ਫੁੱਲਾਂ ਵਰਗਾ, ਵੰਨ-ਸੁ-ਵੰਨਾ ਤਾਰਾ-ਮੰਡਲ,
ਸਪਤ ਸੁਰਾਂ ਸਾਜ਼ੀਨੇ ਅੰਦਰ, ਐਸਾ ਕੌਮੀ ਗਾਨ ਭੇਜ ਦੇ।

ਕ੍ਰਿਸ਼ਨ ਘਨੱਈਆ, ਵਜਦ ਵਜੱਈਆ, ਲੱਭਦੀ ਫਿਰਦੀ ਰੂਹ ਦੀ ਰਾਧਾ,
ਮੋੜ ਲਿਆਵੇ ਮਨ ਦਾ ਮਹਿਰਮ, ਬੰਸਰੀਆਂ ਦੀ ਤਾਨ ਭੇਜ ਦੇ।

ਮਿਰਗਾਵਲੀ-68