ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਵਰਨਜੀਤ ਸਵੀ ਦੇ ਨਾਂ.....

ਹੁੱਬਿਆ ਨਾ ਫਿਰ, ਤੇਰੀ ਮੁੱਠੀ ਅੰਦਰ ਕੁੱਲ ਸੰਸਾਰ ਨਹੀਂ ਹੈ।
ਇੱਕ ਦੂਜੇ ਦੀ ਅੱਜ ਕੱਲ੍ਹ ਸਾਨੂੰ, ਖ਼ਬਰ ਤਾਂ ਹੈ, ਪਰ ਸਾਰ ਨਹੀਂ ਹੈ।

ਇਕ ਛੱਤ ਹੇਠ ਇਕੱਠੇ ਰਹੀਏ, ਪਰ ਬਟਿਆਂ ਵਿੱਚ ਵੰਡੇ ਪਏ ਹਾਂ,
ਇੰਟਰਨੈੱਟ ਤੇ ਘੱਲਦਾਂ ਜੋ ਤੂੰ, ਫ਼ੋਟੋ ਹੈ, ਪਰਿਵਾਰ ਨਹੀਂ ਹੈ।

ਖਾ ਚੱਲਿਆ ਹੈ ਸਾਦਗੀਆਂ ਨੂੰ, ਚੂਹਾ ਸਾਈਂ ਬਣ ਕੇ ਬੈਠਾ,
ਆਪਣੇ ਪਿੱਛੇ ਲਾਈ ਫਿਰਦਾ, ਸ਼ੁਭ ਦਿਸਦਾ ਕਿਰਦਾਰ ਨਹੀਂ ਹੈ।

ਅੰਤਰ ਧਿਆਨ ਨੇ ਪੁੱਤਰ ਧੀਆਂ, ਕਹਿੰਦੇ ਨਹੀਂ ਪਰ ਏਦਾਂ ਮੰਨਦੇ,
ਜਾਣੀ ਜਾਣ ਹੈ ਗੂਗਲ ਬਾਬਾ, ਇਸ ਦਾ ਪਾਰਾਵਾਰ ਨਹੀਂ ਹੈ।

ਨਾਮ ਜਾਪ ਕਰਵਾਉਣ ਤੋਂ ਮਗਰੋਂ, ਨੰਗੇ ਨਾਚ ਵਿਖਾਈ ਜਾਂਦਾ,
ਸ਼ਰਮ ਘੋਲ ਕੇ ਟੀ ਵੀ ਪੀਤੀ, ਰੂਹ ਤੇ ਕਿਣਕਾ ਭਾਰ ਨਹੀਂ ਹੈ।

ਬੰਦ ਕਮਰੇ ਦੀ ਚਾਰ ਦੀਵਾਰੀ, ਬਾਹਰ ਨੂੰ ਖੁੱਲ੍ਹਦੀ ਖਿੜਕੀ ਇੱਕੋ,
ਇਸ ਥਾਈਂ ਜੋ ਵੇਖ ਰਿਹਾ ਏਂ, ਏਹੀ ਕੁੱਲ ਸੰਸਾਰ ਨਹੀਂ ਹੈ।

ਚੌਵੀ ਕੈਰਿਟ ਸੁੱਚਾ ਸੋਨਾ, ਸੱਚ ਵਾਂਗੂੰ ਲੈ ਤੁਰਿਆ ਫਿਰਦਾਂ,
ਖੋਟ ਬਿਨਾ ਜੋ ਘੜ ਦਏ ਗਹਿਣੇ, ਮਿਲਦਾ ਉਹ ਸੁਨਿਆਰ ਨਹੀਂ ਹੈ।

ਮਿਰਗਾਵਲੀ-67