ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਠਾਂ ਉੱਤੋਂ ਚੁੱਪ ਦੇ ਜੰਦਰੇ ਖੋਲ੍ਹ ਦਿਆ ਕਰ।
ਮਨ ਮਸਤਕ ਵਿਚ ਜੋ ਵੀ ਆਵੇ ਬੋਲ ਦਿਆ ਕਰ।

ਤੂੰ ਧਰਤੀ ਦੀ ਧੀ ਹੈ ਲੇਖਾ ਮਾਵਾਂ ਧੀਆਂ,
ਮਾਂ ਦੀ ਬੁੱਕਲ ਬਹਿ ਕੇ ਦੁਖ ਸੁਖ ਫ਼ੋਲ ਦਿਆ ਕਰ।

ਇਕ ਮੁਸਕਾਨ ਉਧਾਰੀ ਦੇ ਕੇ ਪੌਣਾਂ ਨੂੰ ਤੂੰ,
ਕੁਲ ਆਲਮ ਦੇ ਸਾਹੀਂ ਸੰਦਲ ਘੋਲ ਦਿਆ ਕਰ।

ਸੱਤ ਸਮੁੰਦਰ ਡੂੰਘੀਆਂ ਅੱਖਾਂ ਅੰਦਰ ਸੁਪਨੇ,
ਨਕਸ਼ ਗਵਾਚਣ ਤੋਂ ਪਹਿਲਾਂ ਤੂੰ ਟੋਲ ਦਿਆ ਕਰ।

ਸਾਰਾ ਅੰਬਰ ਤੇਰਾ, ਤੇਰੇ ਚੰਦ ਸਿਤਾਰੇ,
ਮਾਰ ਉਡਾਰੀ ਪੌਣਾਂ ਵਿਚ ਪਰ ਤੋਲ ਦਿਆ ਕਰ।

ਮਾਣਕ ਮੋਤੀ ਮਹਿੰਗੇ ਇਹ ਅਣਮੋਲ ਖ਼ਜ਼ਾਨਾ,
ਪਾਣੀ ਵਾਂਗੂੰ ਅੱਥਰੂ ਨਾ ਤੂੰ ਡੋਲ੍ਹ ਦਿਆ ਕਰ।

ਖ਼ਵਰੇ ਕਿੱਥੇ ਬਹਿ ਕੇ ਦਰਦ ਵੰਡਾਉਣਾ ਪੈ ਜੇ,
ਦਿਲ ਨੂੰ ਗੰਢਾਂ ਪੀਚਵੀਆਂ ਨਾ ਗੋਲ ਦਿਆ ਕਰ।

ਮਿਰਗਾਵਲੀ-66