ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਨਾਮ ਨਸ਼ੀਲੇ ਨੈਣਾਂ ਵਿਚ ਮੈਂ ਡੁੱਬਿਆਂ ਹੋ ਮਖ਼ਮੂਰ ਜਿਹਾ।
ਤੂੰ ਕਿੱਥੇ ਸਾਂਭ ਕੇ ਰੱਖਿਆ ਸੀ ਇਹ ਅਜਬ ਨੂਰਾਨੀ ਨੂਰ ਜਿਹਾ।

ਦਿਲ ਕਰਦੈ ਉੱਡ ਕੇ ਆ ਜਾਵਾਂ, ਖੰਭ ਲਾ ਕੇ ਅੱਖ ਪਲਕਾਰੇ ਵਿਚ,
ਪਰ ਅਸਲ ਹਕੀਕਤ ਚੇਤੇ ਹੈ, ਇਹ ਪੈਂਡਾ ਕਾਫ਼ੀ ਦੂਰ ਜਿਹਾ।

ਤੂੰ ਤੱਕਿਆ ਪਹਿਲੀ ਵਾਰ ਜਦੋਂ, ਉਹ ਪਲ ਸਨ ਸੱਚੀ ਮਹਿਕ ਜਹੇ,
ਤੇ ਉਸ ਤੋਂ ਮਗਰੋਂ ਕੀਹ ਹੋਇਆ, ਬਸ ਜਲਵਾ ਸੀ ਕੋਹ ਤੂਰ ਜਿਹਾ।

ਮੈਂ ਹੱਠ ਫ਼ਰਕਦੇ ਵੇਖੇ ਸੀ, ਇੰਜ ਲੱਗਿਆ ਤੂੰ ਕੁਝ ਕਹਿਣਾ ਹੈ,
ਤੂੰ ਚੁੱਪ ਰਹੀਂ ਕੁਝ ਨਾ ਬੋਲੀ, ਫਿਰ ਝੜਿਆ ਆਸ ਦਾ ਬੂਰ ਜਿਹਾ।

ਮੈਂ ਚੰਨ ਦਾ ਮੁੱਖੜਾ ਤੱਕਿਆ ਹੈ, ਹੁਣ ਇਹ ਗੱਲ ਖੁੱਲ੍ਹ ਕੇ ਕਹਿ ਸਕਦਾਂ,
ਸਾਹਾਂ ਵਿਚ ਤੈਨੂੰ ਸਾਂਭ ਲਿਆ, ਦਿਲ ਤਾਂ ਹੀ ਕਰੇ ਗਰੂਰ ਜਿਹਾ।

ਬੇਨਾਮ ਮੁਹੱਬਤ ਹੋ ਸਕਦੀ ਇਹ ਨਾਵਾਂ ਦੀ ਮੁਹਤਾਜ ਨਹੀਂ,
ਯਾਦਾਂ 'ਚੋਂ ਅਕਸਰ ਦਿਸਦਾ ਹੈ, ਕਿਰਨਾਂ ਦਾ ਭਰਵਾਂ ਪੂਰ ਜਿਹਾ।

ਤਲਬਾਂ ਦੇ ਰਿਸ਼ਤੇ ਥੋੜ ਚਿਰੇ, ਇਹ ਮਰ ਜਾਵਣਗੇ ਵੇਖ ਲਵੀਂ,
ਕੁਝ ਕਦਮ ਤੁਰਾਂ ਤੇ ਬਹਿ ਜਾਵਾਂ, ਇਹ ਮੇਰਾ ਨਹੀਂ ਦਸਤੂਰ ਜਿਹਾ।

ਮਿਰਗਾਵਲੀ-65