ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਜਾ ਤੈਨੂੰ ਬਾਤ ਸੁਣਾਵਾਂ ਸੁਣ ਨੀ ਕੋਮਲ ਕਲੀਏ।
ਰੂਹ ਤੇ ਜਿਸਮ ਸੰਭਾਲ ਕੇ ਰੱਖੀਂ, ਫਿਰਦੇ ਏਥੇ ਛਲੀਏ।

ਤੂੰ ਧਰਤੀ ਦੀ ਜਾਈ, ਅਣਖ਼ ਖ਼ੁਰਾਕ ਤੇਰੀ ਦਾ ਹਿੱਸਾ,
ਤੂੰ ਸ਼ਕਤੀ ਤੇ ਅਣਮੁੱਕ ਜਵਾਲਾ, ਆ ਜਾ ਲਟ ਲਟ ਬਲੀਏ।

ਤੂੰ ਸਾਹਾਂ ਦੀ ਝਾਂਜਰ ਬਣ ਜਾ, ਲੌਂਗ ਬੁਰਜੀਆਂ ਵਾਲਾ,
ਪਿਆਰ ਦੇ ਪੱਤਰ, ਮਹਿੰਦੀ ਵਾਂਗੂੰ ਘੋਟ ਕੇ ਲਾ ਲੈ ਤਲੀਏ।

ਆ ਧਰਤੀ ਦੀ ਬੁੱਕਲ ਬਹਿ ਕੇ, ਲਈਏ ਧੁੱਪ ਦੀ ਚਾਦਰ,
ਨੀਮ ਗੁਲਾਬੀ ਮੁਖੜੇ ਉੱਤੇ ਸੂਰਜ ਕਿਰਨਾਂ ਮਲੀਏ।

ਇਕ ਦੂਜੇ ਬਿਨ ਅਸੀਂ ਅਧੂਰੇ, ਆ ਜਾ ਹੋਈਏ ਪੂਰੇ,
ਮਨ ਦੀ ਮਿੱਟੀ ਸੁਪਨ ਬੀਜ ਕੇ ਖਿੜੀਏ, ਫੁੱਲੀਏ ਫ਼ਲੀਏ।

ਦੱਸ ਦਿਆ ਕਰ ਖੁਸ਼ਬੂ ਜਹੀਏ, ਜਦ ਤੂੰ ਆਉਣਾ ਹੋਵੇ,
ਬਹੁਤ ਖਿਲਾਰਾ ਹੁੰਦੇ ਅਕਸਰ ਸੁੰਨੇ ਮਨ ਦੀ ਗਲੀਏ।

ਰਿਸ਼ਤੇ ਕਰੀਂ ਗੁਲਾਮ ਕਦੇ ਨਾ ਮਨ ਦੀ ਲਹਿਰ ਹਵਾਲੇ,
ਧਰਤ ਆਕਾਸ਼ ਨੇ ਮਿਲਦੇ ਜਿੱਥੇ ਆ ਜਾ ਓਥੇ ਚਲੀਏ।

ਮਿਰਗਾਵਲੀ-64