ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਨਿਆ ਦਰਦ ਦਿਲੇ ਦਾ ਜੁੜ ਕੇ ਪਰਬਤ ਜੇਡਾ ਹੋ ਸਕਦਾ ਹੈ।
ਇਸ ਦੀ ਅੱਖ ਪਥਰੀਲੀ ਵਿਚੋਂ, ਇੱਕ ਅੱਧ ਅੱਥਰ ਹੋ ਸਕਦਾ ਹੈ।

ਤੂੰ ਕਹਿੰਦਾ ਏ, ਇਸ ਧਰਤੀ ਤੇ, ਹੁਣ ਤੇ ਕੁਝ ਵੀ ਹੋ ਨਹੀਂ ਸਕਦਾ,
ਮੈਂ ਕਹਿੰਦਾ ਹਾਂ, ਨਿਸ਼ਚਾ ਕਰਕੇ, ਜੋ ਚਾਹੀਏ ਉਹ ਹੋ ਸਕਦਾ ਹੈ।

ਉੱਡਦਾ ਉੱਡਦਾ ਪੰਛੀ ਜੇਕਰ, ਬੈਠ ਗਿਆ ਹੈ ਬਲਦੇ ਰੱਖ ਤੇ,
ਸੁਰਖ਼ ਅੰਗਾਰਾਂ ਨਾਲ ਖੇਡਣਾ, ਸ਼ੌਕ ਅਵੱਲਾ ਹੋ ਸਕਦਾ ਹੈ।

ਕਿਣਮਿਣ ਕਿਣਮਿਣ ਵਰ੍ਹਦਾ ਇਹ ਜਲ, ਕਿਰਨ ਦਿਆ ਕਰ ਅੱਖਾਂ ਵਿਚੋਂ,
ਮੇਰਾ ਮੈਲ ਕੁਚੈਲਾ ਮਨ ਹੈ, ਇੱਕ ਅੱਥਰੂ ਵੀ ਧੋ ਸਕਦਾ ਹੈ।

ਤਪਦੀ ਲੋਹ ਤੇ ਤੜਫ਼ਣ ਜਲਕਣ, ਲਿਖੀ ਇਬਾਰਤ ਪੜ੍ਹਿਆ ਕਰ ਤੂੰ,
ਤੇਰੀ ਮੇਰੀ ਰੂਹ ਅਣਲਿਖਿਆ, ਇਹ ਇਕਰਾਰ ਵੀ ਹੋ ਸਕਦਾ ਹੈ।

ਚਹੁੰ ਰੁੱਤਾਂ ਤੋਂ ਵੱਖਰਾ ਇਹ ਹੈ, ਮਨ ਦੀ ਬਸਤੀ ਵਿਚਲਾ ਮੌਸਮ,
ਕੱਲ੍ਹਾ ਬੰਦਾ ਹੱਸ ਸਕਦਾ ਹੈ, ਕੱਲ-ਮੁ-ਕੱਲ੍ਹਾ ਰੋ ਸਕਦਾ ਹੈ।

ਉਹ ਪਲ ਫੇਰ ਕਦੇ ਨਾ ਆਏ, ਮਨ ਪਰਦੇਸੀ ਹੁੰਦਾ ਜਿਸ ਪਲ,
ਜਿੱਥੇ ਆ ਕੇ ਆਸ ਦਾ ਪੰਛੀ, ਚਾਨਣ ਵਿਚ ਵੀ ਖੋ ਸਕਦਾ ਹੈ।

ਮਿਰਗਾਵਲੀ-63