ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਬਣ ਗਿਆ ਲੱਕੜਮੰਡੀ ਥਾਂ ਥਾਂ ਵੇਖੋ ਲੱਗੇ ਆਰੇ।
ਸਾਬਤ ਬੰਦੇ ਕਿੱਧਰ ਤੁਰ ਗਏ, ਟੁਕੜੇ ਟੁਕੜੇ ਫਿਰਦੇ ਸਾਰੇ।

ਰੇਲ ਪਟੜੀਆਂ ਉੱਪਰ ਆ ਕੇ ਕਿਉਂ ਬੈਠੇ ਨੇ ਅੰਨ ਦੇ ਦਾਤੇ,
ਫ਼ਸਲ ਮਰੀ ਦੇ ਸੋਗ 'ਚ ਡੁੱਬੇ, ਅੱਖਾਂ ਅੱਥਰੂ ਮਣ ਮਣ ਭਾਰੇ।

ਸ਼ੀਸ਼ੇ ਉੱਪਰ ਕਾਲਖ਼ ਮਲ਼ਦੀ, ਕੈਸੀ ਹੈ ਇਹ ਬਾਂਦਰ ਸੈਨਾ,
ਚਿਹਰਾ ਵੇਖਣ ਤੋਂ ਇਨਕਾਰੀ, ਕੁੱਲ ਧਰਤੀ ਦੇ ਦਾਨਵ ਸਾਰੇ।

ਮੋਦੀ ਖ਼ਾਨੇ ਦੇ ਵਿਚ ਪੁੜੀਆਂ, ਜ਼ਹਿਰ ਦੀਆਂ ਟਕਸਾਲੀ ਮੋਹਰਾਂ,
ਹਰ ਮੰਡੀ ਵਿਚ ਫ਼ੈਲ ਗਏ ਨੇ, ਇਸ ਵਸਤੂ ਦੇ ਤੋਲਣਹਾਰੇ।

ਵਕਤ ਅਸਾਨੂੰ ਦੇ ਜਾਵੇਗਾ ਅਗਲੀ ਨਸਲ ਦੀ ਖ਼ਾਤਰ ਤੋਹਫ਼ੇ,
'ਵਾ ਜ਼ਹਿਰੀਲੀ ਜਰਜਰ ਮਿੱਟੀ, ਦਰਿਆਵਾਂ ਦੇ ਪਾਣੀ ਖ਼ਾਰੇ।

ਮੇਰੇ ਮੱਥੇ ਤਲਖ਼ ਸਮੁੰਦਰ, ਫਟ ਸਕਦਾ ਹੈ ਬਣ ਕੇ ਲਾਵਾ,
ਹਾਉਕੇ ਹੀ ਵੰਗਾਰ ਬਣਨਗੇ, ਕੱਠੇ ਜੇਕਰ ਹੋ ਗਏ ਸਾਰੇ।

ਧਰਮ ਈਮਾਨ ਵੀ ਲੁਕਿਆ ਫਿਰਦਾ, ਲਿਖ ਲਿਖ ਚਿੱਠੀਆਂ ਕਿੱਧਰ ਪਾਵਾਂ,
ਕਿਹੜਾ ਦਰ ਖੜਕਾਵਾਂ ਹੋ ਗਏ ਪਹਿਰੇਦਾਰ ਵੀ ਬੇਇਤਬਾਰੇ।

ਵੇਖੋ ਅੱਗ ਬੁਝਾਉਣ ਦੀ ਖ਼ਾਤਰ, ਚਿੜੀਆਂ ਖੰਭ ਭਿਉਂ ਕੇ ਛੰਡਣ,
ਵਕਤ ਹਿਸਾਬ ਕਰੇਗਾ ਜਿਸ ਦਿਨ, ਮੁਜਰਿਮ ਨਾ ਬਣ ਜਾਇਉ ਸਾਰੇ।

ਮਿਰਗਾਵਲੀ-62