ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਿੰ. ਪ੍ਰੀਤਮ ਸਿੰਘ ਨਾਹਲ ਪਰਿਵਾਰ ਦੇ ਨਾਂ

ਜਰਦਾ ਜਰਦਾ ਮਰ ਨਾ ਜਾਵਾਂ, ਸੁੱਤਾ ਦਰਦ ਜਗਾਉਂਦੇ ਰਹਿਣਾ।
ਮਿਲਣ ਮਿਲਾਉਣ ਜ਼ਰੂਰੀ ਤਾਂ ਨਹੀਂ ਪਰ ਸੁਪਨੇ ਵਿੱਚ ਆਉਂਦੇ ਰਹਿਣਾ।

ਵਿਹੜੇ ਵਿਚ ਰਵੇਲ ਦਾ ਬੂਟਾ, ਲਾ ਕੇ ਰੱਖਣਾ ਖੁਸ਼ਬੂ ਖ਼ਾਤਰ,
ਪਹਿਰਾ ਰੱਖਿਉ ਸੁੱਕ ਨਾ ਜਾਵੇ, ਪਿਆਰ ਦਾ ਪਾਣੀ ਪਾਉਂਦੇ ਰਹਿਣਾ।

ਤੇਰੀ ਮੇਰੀ ਤਾਰ ਜੁੜੀ ਹੈ, ਅਣਦਿਸਦੀ ਹੈ, ਕਾਇਮ ਦਾਇਮ,
ਪੋਟੇ ਸੁਰ ਤੇ ਲਾਈ ਜਾਣਾ, ਟੂਣਕ ਟੁਣਕ ਟੁਣਕਾਉਂਦੇ ਰਹਿਣਾ।

ਗੁਲਕੰਦ ਸੁਰਖ਼ ਗੁਲਾਬ ਦੀ ਮਿੱਠੀ, ਸੁੱਚੀ ਖੁਸ਼ਬੂ ਸਾਂਭ ਕੇ ਰੱਖਣਾ,
ਹਰ ਵਿਹੜੇ ਵਿਚ ਧਰਤੀ ਵਾਲਿਉ, ਦਾਬਾਂ ਕਲਮਾਂ ਲਾਉਂਦੇ ਰਹਿਣਾ।

ਭੁੱਲ ਨਾ ਜਾਵੇ ਪਿੰਡ ਦਾ ਚੇਤਾ, ਦੂਰ ਦੇਸ ਪਰਦੇਸ 'ਚ ਫਿਰਦੇ,
ਯਾਦਾਂ ਦੇ ਪੰਖੇਰੂ ਨੂੰ ਇਹ ਸਬਕ ਸਦਾ ਸਮਝਾਉਂਦੇ ਰਹਿਣਾ।

ਇਸ ਮੰਡੀ ਸਭ ਮਾਲ ਵਿਕਾਉ, ਬੰਦੇ, ਧੰਦੇ, ਬਚ ਕੇ ਵੀਰੋ,
ਰੀਝਾਂ ਦੀ ਫੁਲਕਾਰੀ ਉੱਤੇ ਮੋਰ ਬੂਟੀਆਂ ਪਾਉਂਦੇ ਰਹਿਣਾ।

ਦਰਦਾਂ ਦੇ ਦਰਿਆ ਵਿਚ ਡੁੱਬੀ, ਅੰਤਰ ਮਨ ਦੀ ਪੀੜ ਗ਼ਜ਼ਲ ਨੂੰ,
ਸੂਰ ਨਾ ਡੋਲੇ ਤੇ ਬਿਨ ਬੋਲੇ ਚੁੱਪ ਚਪੀਤੇ ਗਾਉਂਦੇ ਰਹਿਣਾ।

ਮਿਰਗਾਵਲੀ-61