ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਜ਼ਿੰਦਗੀ ਵਿਚ ਕੋਈ ਥੋੜ ਨਹੀਂ, ਮਿਲਣੇ ਤੋਂ ਮਗਰੋਂ ਇਉਂ ਲਗਦਾ।
ਜੋ ਬਾਲ ਚਿਰਾਗ ਤੂੰ ਧਰ ਦਿੱਤਾ, ਉਹ ਵੇਖ ਨਿਰੰਤਰ ਹੈ ਜਗਦਾ।

ਉਹ ਬੋਲ ਤੇ ਇੱਕ ਵੀ ਯਾਦ ਨਹੀਂ, ਖੁਸ਼ਬੋਈ ਅੱਜ ਤੱਕ ਅੰਗ ਸੰਗ ਹੈ,
ਓਸੇ ਵਿੱਚ ਚੁੱਭੀਆਂ ਮਾਰ ਰਿਹਾਂ, ਜੋ ਇਤਰਾਂ ਦਾ ਦਰਿਆ ਵਗਦਾ।

ਉਸ ਰੁੱਖ ਦਾ ਨਾਂ ਤੇ ਯਾਦ ਨਹੀਂ, ਤੂੰ ਜਿਸ ਦੀ ਨਰਮ ਕਰੂੰਬਲ ਹੈਂ,
ਪਰ ਪੱਤਿਆਂ ਅੰਦਰ ਤੱਕਿਆ ਮੈਂ, ਇੱਕ ਨੂਰ ਇਲਾਹੀ ਹੈ ਜਗਦਾ।

ਤੁਰ ਜਾਣ ਤੋਂ ਮਗਰੋਂ ਇਉਂ ਲੱਗਾ, ਹੁਣ ਮੁੜ ਕੇ ਫੇਰ ਅਧੂਰਾ ਹਾਂ,
ਪਰ ਯਾਦ ਕਰਦਿਆਂ ਫਿਰ ਦਿਸਦਾ ਉਹ ਮੁਖੜਾ ਸੁਰਖ਼ ਜਿਹਾ ਦਗਦਾ।

ਇਹ ਮੋਤੀ ਮਾਲਾ ਗਲ਼ ਵਾਲੀ, ਪਲ ਪਲ ਦੀਆਂ ਖ਼ਬਰਾਂ ਦੇਵੇ ਪਈ,
ਸਾਹਾਂ ਤੋਂ ਚੋਰੀ ਚੋਰੀ ਇਹ ਸਭ ਲੇਖਾ ਰੱਖਦੀ ਹੈ ਸ਼ਾਹ ਰਗ ਦਾ।

ਮੁੱਖ ਮੈਦਾ ਰਲੇ ਸੰਧੂਰ ਜਿਹਾ, ਤੱਕ ਹੋਇਆ ਦਿਲ ਮਖਮੂਰ ਬੜਾ,
ਅੱਖਾਂ ਯਮੁਨਾ ਦੇ ਪਾਣੀ ਵਿੱਚ ਜਿਉਂ ਦੀਵਿਆਂ ਦਾ ਪ੍ਰਵਾਹ ਜਗਦਾ।

ਕੀਹ ਦੱਸਾਂ ਦਿਲ ਦੀ ਧੜਕਣ ਦਾ ਤੇ ਕਾਰਨ ਅੱਖੀਆਂ ਫ਼ਰਕਣ ਦਾ,
ਪਰ ਉਸ ਮਿਲਣੀ ਤੋਂ ਮਗਰੋਂ ਇਹ ਮੇਰਾ ਤਨ ਤੰਦੂਰ ਰਹੇ ਮਘਦਾ।

ਇਹ ਜਾਣਦਿਆਂ ਤੂੰ ਅੰਬਰ ਵਿੱਚ, ਮੈਂ ਧਰਤੀ ਉੱਪਰ ਰਹਿੰਦਾ ਹਾਂ,
ਤੇਰੇ ਹਾਸੇ ਦੀ ਛਣਕਾਰ ਜਿਹਾ, ਕੁੱਲ ਤਾਰਾ ਮੰਡਲ ਹੀ ਲਗਦਾ।

ਸੁਪਨਾ ਸੀ ਉਹ ਜਾਂ ਭਰਮ-ਨੂਰ, ਉਸ ਪਲ ਜੋ ਚਾਰ ਚੁਫ਼ੇਰੇ ਸੀ,
ਮੈਂ ਪੂੰਜੀ ਵਾਂਗ ਸੰਭਾਲ ਲਿਆ, ਸੱਚ ਦੱਸੀਂ ਤੈਨੂੰ ਕੀਹ ਲਗਦਾ।

ਮਿਰਗਾਵਲੀ-60