ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿੰਦੇ ਮੇਰੀਏ ਨਾ ਹੋਵੀਂ ਕਦੇ ਏਨੀ ਵੀ ਉਦਾਸ।
ਤੇਰੀ ਮਰ ਮੁੱਕ ਜਾਵੇ, ਸਾਰੀ ਭੁੱਖ ਤੇ ਪਿਆਸ।

ਸਾਨੂੰ ਸਾਰਿਆਂ ਨੂੰ ਘੇਰਦੀ ਹਮੇਸ਼ ਕਾਲੀ ਰਾਤ,
ਚੜ੍ਹੇ ਰਾਤ ਪਿੱਛੋਂ ਦਿਨ, ਸਦਾ ਰੱਖੀਂ ਵਿਸ਼ਵਾਸ।

ਏਸ ਜ਼ਿੰਦਗੀ ਨੂੰ ਤੇਰੇ ਹੀ ਪਿਆਰ ਦਾ ਸਹਾਰਾ,
ਤੰਦ ਜੁੜੀ ਰਹੇ ਸਦਾ, ਇਹੀ ਕਰੀਂ ਅਰਦਾਸ।

ਮਾਰੂਥਲ ਵਿਚ ਮਿਲੇ ਜੀਕੂੰ ਰੁੱਖ ਹੇਠ ਸਾਇਆ,
ਥੋੜਾ ਮਿਲਣਾ ਵੀ ਦੇਵੇ ਸਦਾ ਚੰਗਾ ਅਹਿਸਾਸ।

ਤੇਰੇ ਹਾਸਿਆਂ 'ਚੋਂ ਟੱਲੀਆਂ ਦਾ ਅਨਹਦ ਰਾਗ,
ਮੇਰੀ ਜਿੰਦ ਨਸ਼ਿਆਵੇ, ਮਿਲੇ ਰੂਹ ਨੂੰ ਵਿਗਾਸ।

ਜੀਕੂੰ ਬੇਲੇ ਵਿੱਚ ਰਾਂਝਣੇ ਦੀ ਮੁਰਲੀ ਚ ਹੀਰ,
ਕਦੇ ਮੰਦਰੀਂ ਸ਼ਿਆਮ ਜਾਪੇ ਰਾਧਾ ਜੀ ਦੇ ਪਾਸ।

ਮੇਰੀ ਮਾਂ ਨੇ ਮੈਨੂੰ ਆਉਣ ਵੇਲੇ ਇਹੀ ਸਮਝਾਇਆ,
ਪੁੱਤ ਪੀੜ ਨੂੰ ਨਾ ਪਾਵੀਂ ਕਦੇ ਚੁੱਪ ਦਾ ਲਿਬਾਸ।

ਮਿਰਗਾਵਲੀ-59