ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਛੇੜ ਨਾ ਦਿਲ ਦੀਆਂ ਤਰਬਾਂ ਨੂੰ, ਇਹ ਸਾਜ਼ ਵਜਾਉਣ ਅਸਾਨ ਨਹੀਂ।
ਦਿਲ ਸਭ ਕੁਝ ਖ਼ੁਦ ਹੀ ਕਹਿੰਦਾ ਹੈ, ਬਸ ਲੱਗੀ ਸਿਰਫ਼ ਜ਼ਬਾਨ ਨਹੀਂ।

ਨਾ ਕੁਝ ਪਲ ਉੱਠਣਾ ਬਹਿਣਾ ਹੈ, ਮੈਂ ਪੱਕਾ ਏਥੇ ਰਹਿਣਾ ਹੈ,
ਤੂੰ ਚਿੱਤ ਵਿਚ ਮੈਨੂੰ ਥਾਂ ਤਾਂ ਦੇ, ਮੈਂ ਕੁਝ ਪਲ ਦਾ ਮਹਿਮਾਨ ਨਹੀਂ।

ਖੁਸ਼ਬੋਈ ਵਰਗੀ ਹਸਤੀ ਹਾਂ, ਤੇਰੇ ਨੈਣਾਂ ਵਿਚਲੀ ਮਸਤੀ ਹਾਂ,
ਨਾ ਮੰਗਾਂ ਧਰਤੀ ਰਹਿਣ ਲਈ, ਤੇ ਸਿਰ ਉੱਤੇ ਅਸਮਾਨ ਨਹੀਂ।

ਮੈਂ ਦਿਲ ਦਰਿਆ ਦੇ ਵਾਂਗ ਵਗਾਂ ਤੇ ਹਰ ਪਲ ਸੁਰਜ ਵਾਂਗ ਜਗਾਂ,
ਧਰਤੀ ਨੂੰ ਭਰਾਂ ਕਲਾਵੇ ਮੈਂ, ਇੱਕ ਬੰਦਾ ਹਾਂ, ਭਗਵਾਨ ਨਹੀਂ।

ਤੂੰ ਨਿੱਕੜੇ ਨਿੱਕੜੇ ਦੀਵਿਆਂ ਨੂੰ ਹੀ ਗੁੱਲ ਕਰਕੇ ਹੰਕਾਰ ਗਿਐਂ
ਸੂਰਜ ਦੀ ਲਾਟ ਬੁਝਾ ਦੇਵੇਂ, ਤੂੰ ਏਡਾ ਵੀ ਤੂਫ਼ਾਨ ਨਹੀਂ।

ਹਰ ਕੋਈ ਫਿਰਦਾ ਘਬਰਾਇਆ, ਪੁੱਛਦਾ ਹੈ ਕਿੱਥੋਂ ਕਿਉਂ ਆਇਆ,
ਫ਼ਿਕਰਾਂ ਦਾ ਤਾਣਾ ਤਣਿਆ ਹੈ, ਕਿਉਂ ਚਿਹਰੇ ਤੇ ਮੁਸਕਾਨ ਨਹੀਂ।

ਮੈਂ ਦਿਲ ਦੀ ਦੌਲਤ ਵੰਡ ਦਿਆਂ, ਤੇ ਖਾਲੀ ਚਾਦਰ ਛੰਡ ਦਿਆਂ,
ਕੁਝ ਮੋੜ ਦਿਆ ਕਰ ਵਾਪਸ ਵੀ, ਮੈਂ ਏਨਾ ਵੀ ਧਨਵਾਨ ਨਹੀਂ।

ਮਿਰਗਾਵਲੀ-58