ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ੁਰ ਗਿਆ ਜੀ, ਭੁਰ ਗਿਆ ਜੀ, ਕੌਮ ਦਾ ਕਿਰਦਾਰ ਹੈ।
ਪੁੱਛਦੇ ਮੈਨੂੰ ਅਜੇ ਵੀ, ਕੌਣ ਜ਼ਿੰਮੇਵਾਰ ਹੈ?

ਸਾਡਿਆਂ ਸਮਿਆਂ ਦੇ ਸਭ ਯੂਸਫ਼ ਵਿਕਾਊ ਹੋ ਗਏ,
ਹਰ ਗਲੀ ਹਰ ਮੋੜ ਬਣਿਆ ਮਿਸਰ ਦਾ ਬਾਜ਼ਾਰ ਹੈ।

ਪੁੱਛਦੇ ਨੇ ਯਾਰ ਬੇਲੀ ਅੱਜ ਕੱਲ੍ਹ ਕੀ ਕਰ ਰਿਹੈਂ,
ਸ਼ੀਸ਼ਾਗਰ ਸਾਂ, ਅੱਜ ਕੱਲ੍ਹ ਪੱਥਰ ਦਾ ਕਾਰੋਬਾਰ ਹੈ।

ਰਾਹ ਦਸੇਰਾ ਹੋਣ ਦਾ ਮੈਂ ਭਰਮ ਕੈਸਾ ਪਾਲਿਆ,
ਰਾਤ ਦਿਨ ਹੀ ਸੁਰਤ ਮੇਰੀ ਚੌਕ ਦੇ ਵਿਚਕਾਰ ਹੈ।

ਉਹ ਵਿਰਾਸਤ ਹੁਣ ਵੀ ਮੇਰੇ ਖ਼ੂਨ ਵਿਚ ਜਾਗੇ ਕਿਤੇ,
ਜਿਸਦੇ ਇਕ ਹੱਥ ਵਿਚ ਪਰਾਣੀ ਦੂਸਰੇ ਤਲਵਾਰ ਹੈ।

ਨਾ ਕਿਤੇ ਅਰਦਾਸ ਕੋਈ, ਨਾ ਦੁਆ ਨਾ ਕਾਮਨਾ,
ਕਰ ਲੋਕੀਂ ਕਰ ਰਹੇ ਨੇ, ਬਾਦਸ਼ਾਹ ਬੀਮਾਰ ਹੈ।

ਮੈਂ ਤੇਰੀ ਹਰ ਪੀੜ ਨੂੰ ਸ਼ਬਦੀਂ ਪਰੋਵਾਂਗਾ ਹਜ਼ੂਰ,
ਦੌਰ ਆਪਣੇ ਨਾਲ ਮੇਰਾ ਅਹਿਦ ਹੈ, ਇਕਰਾਰ ਹੈ।

ਮਿਰਗਾਵਲੀ-57