ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਗਾਂ ਜੇ ਤੈਥੋਂ ਖ਼ੁਦ ਕਦੇ ਜੀਵਨ ਉਧਾਰ ਦੇ।
ਮੰਨੀਂ ਨਾ, ਜਿੰਨਾ ਬਚ ਗਿਆ, ਰਹਿੰਦਾ ਵੀ ਮਾਰ ਦੇ।

ਜਿੰਨੇ ਸਵਾਸ ਬਚ ਗਏ, ਇਹ ਵੀ ਨਿਚੋੜ ਲੈ,
ਮੇਰੇ 'ਚੋਂ ਮੈਂ ਨੂੰ ਮਾਰ ਕੇ, ਡੁੱਬਿਆਂ ਨੂੰ ਤਾਰ ਦੇ।

ਈਮਾਨ ਧਰਮ ਵੇਚਿਆ, ਕਿਰਦਾਰ ਖ਼ੁਰ ਗਿਆ,
ਕਾਹਦੇ ਲਈ ਜਿਸਮ ਸਾਂਭਿਆ, ਇਹ ਵੀ ਲੰਗਾਰ ਦੇ।

ਦਸਤਾਰ ਤਾਂ ਯਕੀਨ ਸੀ, ਕਿਉਂ ਭਾਰ ਸਮਝਨੈਂ,
ਕਾਹਦੇ ਲਈ ਚੁੱਕੀ ਫਿਰ ਰਿਹੈਂ, ਇਸ ਨੂੰ ਉਤਾਰ ਦੇ।

ਤਿਤਲੀ ਦੇ ਖੰਭ ਨੋਚਦੈਂ, ਭੌਰੇ ਨੂੰ ਵਰਜਦੈਂ,
ਬਾਗਾਂ 'ਚ ਕਿੱਥੋਂ ਆ ਗਿਐਂ ਰਾਖ਼ੇ ਬਹਾਰ ਦੇ।

ਮੇਰੇ ਵਡੇਰੇ ਉੱਜੜੇ, ਛੱਡਿਆ ਸੀ ਨਾਰੋਵਾਲ,
ਖਵਾਬਾਂ 'ਚ ਦਰਦ ਕਾਇਮ ਹਾਲੇ ਓਸ ਪਾਰ ਦੇ।

ਹੈਰਾਨ, ਪਰੇਸ਼ਾਨ ਹੈ, ਉਪਰਾਮ ਜ਼ਿੰਦਗੀ,
ਉਲਝੇ ਨੇ ਵਾਲ ਏਸ ਦੇ, ਜ਼ੁਲਫ਼ਾਂ ਸੰਵਾਰ ਦੇ।

ਮਿਰਗਾਵਲੀ-56