ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ੁਲਮ ਜਬਰ ਦਾ ਕਹਿਰੀ ਚਿਹਰਾ ਜਰਿਆ ਜਾਂਦਾ ਨਹੀਂ।
ਰੋਜ਼ ਦਿਹਾੜੀ ਹੁਣ ਤਾਂ ਏਦਾਂ ਮਰਿਆ ਜਾਂਦਾ ਨਹੀਂ।

ਸੱਤ ਪੱਤਣਾਂ ਦੇ ਤਾਰੂ ਏਥੇ ਆ ਕੇ ਹਾਰ ਗਏ,
ਰੇਤ ਛਲਾਵੇ ਅੰਦਰ ਤਾਂ ਹੁਣ ਤੁਰਿਆ ਜਾਂਦਾ ਨਹੀਂ।

ਹੱਕ ਸੱਚ ਇਨਸਾਫ਼ ਦੀ ਖ਼ਾਤਰ ਕਿੰਜ ਮਨਸੂਰ ਬਣਾਂ,
ਜ਼ਹਿਰ ਪਿਆਲਾ ਹੋਠੀਂ ਹੈ, ਘੁੱਟ ਭਰਿਆ ਜਾਂਦਾ ਨਹੀਂ।

ਦਲਦਲ ਅੰਦਰ ਧਸਦੇ ਜਾਈਏ, ਪਲ ਪਲ ਹੇਠਾਂ ਨੂੰ,
ਇਕ ਵੀ ਕਦਮ ਅਗਾਂਹ ਨੂੰ ਤਾਹੀਓਂ ਧਰਿਆ ਜਾਂਦਾ ਨਹੀਂ।

ਧਰਤੀ ਪੁੱਤਰ ਬਣੀਏ, ਤਣੀਏ ਜ਼ਾਲਮ ਅੱਗੇ ਜੀ,
ਏਸ ਤਰ੍ਹਾਂ ਦਾ ਕਰਮ ਕਿਉਂ ਹੁਣ ਕਰਿਆ ਜਾਂਦਾ ਨਹੀਂ।

ਅਜਬ ਤਰ੍ਹਾਂ ਦੀ ਦਹਿਸ਼ਤ ਇਸ ਦੇ ਚਾਰ ਚੁਫ਼ੇਰੇ ਹੈ,
ਮਨ ਦਾ ਸੱਖਣਾ ਭਾਂਡਾ ਸਾਥੋਂ ਭਰਿਆ ਜਾਂਦਾ ਨਹੀਂ।

ਬੰਨ੍ਹ ਕਲੀਰੇ ਬੈਠੀ, ਕੰਜ ਕੁਆਰੀ ਧੜਕਣ ਨੂੰ,
ਤਖ਼ਤਾ ਤਖ਼ਤ ਬਣਾਏ ਤੋਂ ਬਿਨ ਵਰਿਆ ਜਾਂਦਾ ਨਹੀਂ।

ਮਿਰਗਾਵਲੀ-55