ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਦੀ ਬਗੀਚੜੀ 'ਚ ਅੱਜ ਮੇਰਾ ਯਾਰ ਆਇਆ।
ਸੱਜਰੀ ਸਵੇਰ ਜੇਹੀਏ, ਰੱਜ ਕੇ ਪਿਆਰ ਆਇਆ।

ਪੌਣ ਖੁਸ਼ਬੋਈ ਲੈ ਕੇ ਵੇਖ ਮੇਰੇ ਦਵਾਰ ਆਈ,
ਤੱਕ ਮੇਰੇ ਨੈਣਾਂ ਵਿਚ ਕਿੰਨਾ ਹੈ ਨਿਖ਼ਾਰ ਆਇਆ।

ਤੇਰਾ ਪੱਲੂ ਜਦੋਂ ਮੇਰੇ ਹੱਥ ਵਿਚੋਂ ਛੁੱਟਿਆ ਸੀ,
ਦਿਲ ਉੱਤੇ ਕਿੰਜ ਦੱਸਾਂ, ਮੇਰੇ ਕਿੰਨਾ ਭਾਰ ਆਇਆ।

ਹੱਸ ਕੇ ਤੂੰ ਦਿੱਤਾ ਬਿਨ ਬੋਲਿਆਂ ਹੁੰਗਾਰਾ ਜਦੋਂ,
ਆਪ ਹੀ ਤੂੰ ਜਾਣ ਕਿੰਨਾ ਚੈਨ ਤੇ ਕਰਾਰ ਆਇਆ।

ਤੇਰਾ ਇਹ ਸੁਨੇਹਾ ਕਿ ਮੈਂ ਅੰਗ ਸੰਗ ਸਾਥ ਤੇਰੇ,
ਸੋਚ ਸੋਚ ਸੋਚ ਕਿੰਨਾ ਜਿੰਦ ਨੂੰ ਖ਼ੁਮਾਰ ਆਇਆ।

ਮੈਂ ਤਾਂ ਸਰਕੰਡੇ ਵਾਂਗੂੰ ਦਰਿਆ ਦੇ ਕੰਢੇ ਖੜ੍ਹਾਂ,
ਚਲੋ ਜੀ, ਜਿਉਂਦਿਆਂ 'ਚ ਸਾਡਾ ਵੀ ਸ਼ੁਮਾਰ ਆਇਆ।

ਪਿੱਪਲੀ ਤੇ ਬੋਹੜੀ ਨੂੰ ਉਡੀਕ ਤੇਰੀ ਅੱਜ ਵੀ ਹੈ,
ਆਵੀਂ ਬੀਬਾ ਆਵੀਂ, ਜਦੋਂ ਤੀਆਂ ਦਾ ਤਿਹਾਰ ਆਇਆ।

ਮਿਰਗਾਵਲੀ-54