ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਿੰਦਰ ਤੇ ਰੁਸਤਮ ਗਿੱਲ ਦੇ ਨਾਂ...

ਲੋਕਤੰਤਰ ਬਣ ਗਿਆ ਹੈ ਵੇਖ ਲਉ ਦਾਦਾਗਿਰੀ।
ਟੰਗਦੇ ਸੂਲੀ ਤੇ ਪਹਿਲਾਂ, ਫੇਰ ਦਿੰਦੇ ਦਿਲਬਰੀ।

ਸਾਜ਼ਿਸ਼ੀ ਮਾਹੌਲ ਅੰਦਰ ਹੋ ਰਿਹਾ ਵਿਸ਼ਵਾਸਘਾਤ,
ਧਰਮਸਾਲੀਂ ਬੈਠ ਧਰਮੀ ਕਰ ਰਹੇ ਨੇ ਚਾਕਰੀ।

ਜਾਬਰਾਂ ਦੇ ਹੱਥ ਚਾਬੀ ਅਮਨ ਤੇ ਕਾਨੂੰਨ ਦੀ,
ਰਾਹਜ਼ਨਾਂ ਨੂੰ ਸੌਂਪ ਦਿੱਤੀ ਆਪ ਆਪਾਂ ਰਾਹਬਰੀ।

ਵੇਖ ਲਉ ਕਲਜੁਗ ਦਾ ਪਹਿਰਾ, ਖੋਲ਼ ਅੱਖਾਂ ਵੇਖ ਲਉ,
ਕਾਲੇ ਧਨ ਦੇ ਵਾਸਤੇ ਚਿੱਟੇ ਦੀ ਹੈ ਸੌਦਾਗਰੀ।

ਤੂੰ ਕਹੇਂ ਹਰ ਵਾਰ ਹੀ ਪੰਜਾਬ ਸੂਲੀ ਉੱਤੇ ਕਿਉਂ,
ਸਮਝਿਆ ਕਰ ਏਸ ਦੇ ਤਾਂ ਖੂਨ ਵਿਚ ਹੈ ਨਾਬਰੀ।

ਮਰਨ ਵਾਲੇ ਮਰ ਗਏ, ਫਿਰ ਟੋਡੀਆਂ ਦਾ ਰਾਜ ਭਾਗ,
ਭੋਲਿਆ ਓ ਪੰਛੀਆ, ਇਹ ਜਾਲ ਦੀ ਕਾਰਾਗਰੀ।

ਛਤਰ ਸਿਰ ਤੇ, ਚੌਰ ਝੁੱਲਣ,ਕਵਚ ਸੋਨੇ ਤਾਰ ਦਾ,
ਬਹੁਤ ਕੁਝ ਦੇਵੇ ਹਕੂਮਤ ਜੇ ਕਰੋਗੇ ਮੁਖ਼ਬਰੀ।

ਤੇਰੇ ਭਾਣੇ ਬੇਅਕਲ, ਪਰ ਫ਼ਰਜ਼ ਨੂੰ ਪਹਿਚਾਣਦਾਂ,
ਪੱਥਰਾਂ ਦੇ ਸ਼ਹਿਰ ਤਾਂ ਹੀ ਕਰ ਰਿਹਾਂ ਸ਼ੀਸ਼ਾਗਰੀ।

ਸਬਰ ਅੱਗੇ ਜਬਰ ਹਾਰੇ, ਪੁੱਛ ਲੈ ਇਤਿਹਾਸ ਤੋਂ,
ਹਾਰਿਆ ਸੀ ਮੀਰ ਮੰਨੂੰ ਟੁੱਟ ਗਈ ਸੀ ਦਾਤਰੀ।

ਮਿਰਗਾਵਲੀ-53