ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਬਦਕਿਸਮਤ ਉਹ ਪੁਸਤਕ ਹਾਂ ਜਿਸ ਨੂੰ ਤੂੰ ਤੇ ਪੜ੍ਹਿਆ ਨਹੀਂ।
ਸ਼ਬਦ ਨਗੀਨੇ ਅਣਵਰਤੇ ਨੂੰ ਦਿਲ ਮੁੰਦਰੀ ਵਿਚ ਮੜ੍ਹਿਆ ਨਹੀਂ।

ਕਲਮ ਕਟਾਰ ਬਣੀ ਮੈਂ ਵੇਖੀ, ਪੁੱਛ ਲਉ ਦੀਨੇ ਕਾਂਗੜ ਤੋਂ,
ਜਿਸ ਦੇ ਅੱਗੇ ਔਰੰਗਜ਼ੇਬ ਜਿਹਾ ਜ਼ਾਲਮ ਵੀ ਅੜਿਆ ਨਹੀਂ।

ਕੁੱਟ ਕੇ ਮਿੱਟੀ ਗੁੰਨਣ ਵੇਲੇ, ਖੂਨ ਪਸੀਨਾ ਵਿਚ ਪੈਂਦਾ,
ਚੱਕ ਤੇ ਧਰ ਘੁਮਿਆਰਾਂ ਆਵੇ, ਇੱਕ ਵੀ ਭਾਂਡਾ ਘੜਿਆ ਨਹੀਂ।

ਸੀਸ ਤਲੀ ਤੇ ਧਰਨ ਤੋਂ ਪਹਿਲਾਂ, ਦੀਪ ਸਿਹੁੰ ਬਲਕਾਰੀ ਨੇ,
ਸ਼ਾਸਤਰਾਂ ਦੀ ਕਰੀ ਸਿਰਜਣਾ, ਐਵੇਂ ਖੰਡਾ ਫੜਿਆ ਨਹੀਂ।

ਬੰਦ ਬੰਦ ਕਟਵਾਉਣਾ ਔਖਾ, ਕਹਿਣਾ ਬਹੁਤ ਸੁਖ਼ਾਲਾ ਹੈ,
ਮਨੀ ਸਿੰਘ ਨੂੰ ਵਕਤ ਨੇ ਐਵੇਂ, ਕਲਗੀ ਦੇ ਵਿਚ ਜੜਿਆ ਨਹੀਂ।

ਸੁੱਚੇ ਪੱਕੇ ਰੰਗ ਵਿੱਚ ਰੰਗਿਆ, ਮੈਨੂੰ ਧਰਮੀ ਬਾਬਲ ਨੇ,
ਏਸੇ ਕਰਕੇ ਰੰਗ ਬਾਜ਼ਾਰੀ, ਮੇਰੇ ਮਨ ਤੇ ਚੜ੍ਹਿਆ ਨਹੀਂ।

ਮੇਰੀ ਪਿੱਠ 'ਤੇ ਮੇਰੇ ਪੁਰਖੇ ਨਾਨਕ, ਬੁੱਲ੍ਹਾ, ਵਾਰਸ ਨੇ,
ਐਵੇਂ ਤਾਂ ਹਰ ਨ੍ਹੇਰੀ ਅੱਗੇ ਛਾਤੀ ਤਾਣ ਕੇ ਖੜ੍ਹਿਆ ਨਹੀਂ।

ਕਾੜ੍ਹਨੀਆਂ ਵਿਚ ਦੁੱਧ ਤੇ ਜਜ਼ਬੇ ਕਾੜ੍ਹ ਕਾੜ੍ਹ ਮਾਂ ਦਿੱਤੇ ਸੀ,
ਗ਼ਜ਼ਲ ਮੇਰੀ ਵਿਚ ਤਾਹੀਓਂ ਕੱਚਾ ਸ਼ਬਦ ਕਦੇ ਵੀ ਵੜਿਆ ਨਹੀਂ।

ਮਿਰਗਾਵਲੀ-52