ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਅਪਣੇ ਆਪ ਨੂੰ ਆਖਾਂ ਮੁਕੰਮਲ ਹੋ ਨਹੀਂ ਸਕਣਾ।
ਕਿ ਸਭ ਕੁਝ ਵੇਖ ਕੇ, ਏਨਾ ਵੀ ਗਾਫ਼ਿਲ ਹੋ ਨਹੀਂ ਸਕਣਾ।

ਮੇਰੇ ਸਾਹਾਂ 'ਚ ਹਾਉਕੇ, ਪੀੜ ਮੱਥੇ, ਕਸਕ ਦਿਲ ਅੰਦਰ,
ਇਕੱਲਾ ਜਿਸਮ ਤਾਂ ਜਸ਼ਨਾਂ 'ਚ ਸ਼ਾਮਿਲ ਹੋ ਨਹੀਂ ਸਕਣਾ।

ਮੈਂ ਅਪਣੇ ਅਜ਼ਮ ਤੇ ਆਪੇ ਹੀ ਪਹਿਰੇਦਾਰ ਬਹਿਣਾ ਹੈ,
ਪਤੈ ਦਰਬਾਨੀਆਂ ਤੋਂ ਕੁਝ ਵੀ ਹਾਸਿਲ ਹੋ ਨਹੀਂ ਸਕਣਾ।

ਕਿਸੇ ਦੂਜੇ ਦੀ ਖ਼ਾਤਰ ਮੈਂ ਪਵਾਂ ਬਲਦੀ ਚਿਖ਼ਾ ਅੰਦਰ,
ਇਹ ਕਹਿਣਾ ਸਹਿਲ ਹੈ ਪਰ, ਕਰਨ ਮੁਸ਼ਕਿਲ ਹੋ ਨਹੀਂ ਸਕਣਾ।

ਚਲੋ ਇਖ਼ਲਾਕ ਨੂੰ ਤੇ ਧਰਮ ਨੂੰ ਕਹੀਏ ਕਿ ਮੁੜ ਆਓ,
ਇਹ ਜੋ ਤੂੰ ਆਖਦੈਂ ਏਹੀ ਤਾਂ ਫ਼ਾਜ਼ਿਲ ਹੋ ਨਹੀਂ ਸਕਣਾ।

ਮੈਂ ਕੱਸੀ ਤਾਰ ਤੇ ਤੁਰਿਆ ਵੀ ਜਾਵਾਂ ਨਾ ਕਦੇ ਡੋਲਾਂ,
ਅਸੰਭਵ ਹੈ ਤੁਰੇ ਰਹਿਣਾ, ਮੁਸਲਸਲ ਹੋ ਨਹੀਂ ਸਕਣਾ।

ਇਹ ਦਿਲ ਦਰਵੇਸ਼ ਵਰਗੇ, ਮੌਜ ਅੰਦਰ ਬਹੁਤ ਕੁਝ ਕਹਿੰਦੈ,
ਲੁਟਾਵੇ ਸਾਦਗੀ, ਏਨਾ ਵੀ, ਪਾਗਲ ਹੋ ਨਹੀਂ ਸਕਣਾ।

ਮਿਰਗਾਵਲੀ-51