ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨ ਦਾ ਵਿਹੜਾ ਮਹਿਕ ਗਿਆ ਹੈ।
ਹੁਣ ਹੀ ਤੇਰਾ ਖ਼ਤ ਮਿਲਿਆ ਹੈ।

ਵਗਦੀ ਪੌਣ ਮਗਰ ਨਹੀਂ ਜਾਣਾ,
ਮੈਂ ਸਧਰਾਂ ਨੂੰ ਵਰਜ ਲਿਆ ਹੈ।

ਰੰਗ ਤੇ ਖ਼ੁਸ਼ਬੂ ਕੌਣ ਨਿਖੇੜੇ,
ਇਹ ਤੂੰ ਬਿਲਕੁਲ ਠੀਕ ਕਿਹਾ ਹੈ।

ਦਰਦ ਉਧਾਰਾ ਕਿਹੜਾ ਮੰਗੇ,
ਹਰ ਮਨ ਹੀ ਭਰਿਆ ਭਰਿਆ ਹੈ।

ਲੰਮੀ ਚੁੱਪ ਤੇ ਐਡੇ ਜੰਦਰੇ,
ਦਿਲ ਦੇ ਅੰਦਰ ਕੀਹ ਧਰਿਆ ਹੈ?

ਜੀਅ ਕਰਦਾ ਏ ਪਾਰ ਕਰਨ ਨੂੰ,
ਇਹ ਜੋ ਅਗਨੀ ਦਾ ਦਰਿਆ ਹੈ।

ਕਈ ਵਾਰੀ ਸਮਝਾਇਐ ਰੂਹ ਨੂੰ,
ਦਰਦ-ਸਮੁੰਦਰ ਕਿਸ ਤਰਿਆ ਹੈ।

ਮਿਰਗਾਵਲੀ-50