ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜੀਤ ਭੱਠਲ ਪਰਿਵਾਰ ਦੇ ਨਾਂ....

ਇੱਕੋ ਵਿਹੜੇ ਚੋਗ ਚੁਗਦੀਆਂ ਚਿੜੀਆਂ ਰੰਗ ਬਰੰਗੀਆਂ ਨੇ।
ਸੋਚਦੀਆਂ, ਇੱਕ ਸ਼ਿਕਰੇ ਨੇ ਕਿਉਂ, ਜਾਨਾਂ ਸੂਲੀ ਟੰਗੀਆਂ ਨੇ।

ਅਪਣੇ ਤਨ ਦੀ ਰਾਖੀ ਲਈ ਜੇ ਚੁੰਝਾਂ ਹੀ ਕੰਮ ਆਈਆਂ ਨਾ,
ਫਿਰ ਤਾਂ ਐਂਸ ਹਯਾਤੀ ਨਾਲੋਂ, ਸੱਜਣੋਂ ਮੌਤਾਂ ਚੰਗੀਆਂ ਨੇ।

ਅਪਣੇ ਅਸਲੀ ਰੰਗ ਸਲਾਮਤ ਰੱਖਣਾ ਧਰਮ ਬਰਾਬਰ ਹੈ,
ਏਸ ਲਈ ਹੀ ਦਸਮ ਗੁਰੂ ਨੇ ਕਸਮਾਂ ਸਾਥੋਂ ਮੰਗੀਆਂ ਨੇ।

ਸਾਡੇ ਪੁੱਤਰ ਧੀਆਂ ਬਣ ਗਏ ਵਰਮੀ ਦੇ ਰਖਵਾਲੇ ਕਿਉਂ,
ਏਥੇ ਵਸਦੀ ਨਾਗਣ ਨੇ ਹੀ ਸਾਡੀਆਂ ਪੁਸ਼ਤਾਂ ਡੰਗੀਆਂ ਨੇ।

ਚੰਦਰਮਾ ਜਾਂ ਮੰਗਲ ਉੱਤੇ, ਆਪਾਂ ਜਾ ਕੇ ਕੀਹ ਲੈਣਾ,
ਇਸ ਧਰਤੀ ਨਾ ਉੱਗੀਆਂ ਹਾਲੇ ਰੀਝਾਂ ਸੋਨੇ ਰੰਗੀਆਂ ਨੇ।

ਤੀਰਾਂ ਵਿੰਨਿਆ ਬਾਬਲ ਮੇਰਾ, ਖੇਤਾਂ ਅੰਦਰ ਫ਼ਿਕਰ ਖੜ੍ਹੇ,
ਪੈਰੀਂ ਧੌੜੀ ਜੁੱਤੀ ਭੀੜੀ, ਚਾਰ ਚੁਫ਼ੇਰੇ ਤੰਗੀਆਂ ਨੇ।

ਖ਼ਵਰੇ ਕਦ ਪੱਤਝੜ ਦੇ ਮਗਰੋਂ, ਲਗਰਾਂ ਫੁੱਟਣ, ਖ਼ਬਰ ਨਹੀਂ,
ਜਿਉਂ ਜੰਮੇ ਹਾਂ, ਹਾਲੇ ਤੱਕ ਤਾਂ, ਸਾਰੀਆਂ ਟਾਹਣਾਂ ਨੰਗੀਆਂ ਨੇ।

ਮਿਰਗਾਵਲੀ-49