ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਦਲ ਬਣ ਕੇ ਉੱਡਿਆ ਫਿਰਦੈਂ, ਕਿਣਮਿਣ ਕਿਣਮਿਣ ਵਰ੍ਹਿਆ ਕਰ ਤੂੰ।
ਧਰਤੀ, ਜੰਤ, ਪਰਿੰਦੇ ਮੰਗਦੇ, ਜਲ ਥਲ ਮਹੀਅਲ ਕਰਿਆ ਕਰ ਤੂੰ।

ਇਹ ਧਰਤੀ, ਇਹ ਜੰਗਲ ਬੇਲੇ, ਅੰਬਰ ਚੰਨ ਸਿਤਾਰੇ ਸਾਰੇ,
ਤੇਰੀ ਖ਼ਾਤਰ ਬ੍ਰਹਿਮੰਡ ਸਾਰਾ, ਮਿਰਗਾ ਚੁੰਗੀਆਂ ਭਰਿਆ ਕਰ ਤੂੰ।

ਸੂਰਜ ਤੇਰੀ ਮੁੱਠੀ ਅੰਦਰ, ਧਰਤੀ ਤੇਰੇ ਪੈਰਾਂ ਥੱਲੇ,
ਚੌਰ ਝੁਲਾਵੇ ਸਗਲ ਬਨਸਪਤ, ਐਵੇਂ ਨਾ ਫਿਰ ਡਰਿਆ ਕਰ ਤੂੰ।

ਕਿੱਲੇ ਦੀ ਪਰਿਕਰਮਾ ਕਰਦੇ, ਉਮਰ ਗੁਜ਼ਾਰ ਲਈ ਕਿਉਂ ਸਾਰੀ,
ਮਿਥ ਲੈ ਮੰਜ਼ਿਲ ਸ਼ੇਰ ਜਵਾਨਾ, ਪੈਰ ਅਗਾਂਹ ਨੂੰ ਧਰਿਆ ਕਰ ਤੂੰ।

ਇਹ ਛਤਰੀ ਜੋ ਤੇਰੇ ਸਿਰ ਤੇ, ਸਮਝੀਂ ਨਾ ਇਹ ਸਾਥ ਸਦੀਵੀ,
ਵੇਖ ਬਿਰਖ਼ ਤੂੰ ਮਾਰੂਥਲ ਦੇ, ਹਰ ਮੌਸਮ ਨੂੰ ਜਰਿਆ ਕਰ ਤੂੰ।

ਦੋ ਚਿੱਤੀ ਵਿਚ ਹਰ ਪਲ ਰਹਿ ਕੇ, ਆਦਰਸ਼ਾਂ ਦੀ ਲੀਹੋਂ ਲਹਿ ਕੇ,
ਫ਼ਰਜ਼ ਵਿਸਾਰੇਂ ਗਰਜ਼ਾਂ ਪਿੱਛੇ, ਜੀਂਦੇ ਜੀਅ ਨਾ ਮਰਿਆ ਕਰ ਤੂੰ।

ਜਿੱਤ ਨਾ ਸਕਿਆ ਵਿਸ਼ਵ ਸਿਕੰਦਰ, ਪੋਰਸ ਉਸਦਾ ਘੋੜਾ ਫੜਿਆ,
ਲੋਕ-ਸਮੁੰਦਰ ਅੰਗ ਸੰਗ ਤੇਰੇ, ਇਸ ਅੰਦਰ ਵੀ ਤੁਰਿਆ ਕਰ ਤੂੰ।

ਮਿਰਗਾਵਲੀ-48