ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਹੋਠਾਂ ਨਾਲੋਂ ਪਿੱਛੇ ਅਜੇ ਜ਼ਹਿਰ ਦਾ ਗਿਲਾਸ।
ਅਸੀਂ ਜਾਗਦੇ ਜਿਉਂਦੇ, ਹੈ ਹੁੰਗਾਰਿਆਂ ਦੀ ਆਸ।

ਰੱਬ ਜਾਣੇ ਕਦੋਂ ਮੁੱਕਣੀ ਖੜਾਵਾਂ ਦੀ ਉਡੀਕ,
ਇੱਕ ਮੁੱਕਦਾ ਤੇ ਸ਼ੁਰੂ ਹੁੰਦਾ ਦੂਜਾ ਬਨਵਾਸ।

ਇਹ ਤਾਂ ਉਮਰਾਂ ਦੇ ਸੌਦੇ, ਚੱਲ ਕਰੀਏ ਸੰਭਾਲ,
ਤੇਰੇ ਸਾਹਾਂ 'ਚ ਗੁਜ਼ਾਰਾਂ, ਮਿਲੇ ਜਿੰਨੇ ਵੀ ਸਵਾਸ।

ਅਸੀਂ ਆਪਣੇ ਹਿਸਾਬ ਕਦੇ ਰੋਂਦ ਨਹੀਓਂ ਮਾਰੇ,
ਖੇਡ ਸੁਥਰੀ ਤੋਂ ਡੋਲਿਆ ਨਾ ਅਜੇ ਵਿਸ਼ਵਾਸ।

ਮੇਰੀ ਧਰਤੀ ਹੈ ਮਾਤਾ, ਮੇਰਾ ਬਾਬਲ ਆਕਾਸ਼,
ਮੈਨੂੰ ਧੁੱਪੇ ਛਾਵੇਂ ਏਹੀ ਸਦਾ ਦੇਣ ਧਰਵਾਸ।

ਏਹ ਤਾਂ ਤੇਰੀ ਮੇਰੀ ਸੀਮਾ ਆਹ ਜੋ ਹੱਦਾਂ ਸਰਹੱਦਾਂ,
ਏਥੇ ਲੱਖਾਂ ਨੇ ਪਾਤਾਲ ਏਥੇ ਲੱਖਾਂ ਨੇ ਆਗਾਸ।

ਸੁਣ, ਆਖਿਆ ਫ਼ਰੀਦ ਕਾਗਾ ਚੁੰਝ ਨਾ ਤੂੰ ਮਾਰ,
ਇਹਨਾਂ ਨੈਣਾਂ ਵਿਚ ਜਿਉਂਦੀ, ਪਿਰ ਮਿਲਣੇ ਦੀ ਆਸ।

ਮਿਰਗਾਵਲੀ-47