ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਤੂੰ ਸਭ ਕੁਝ ਸੌਂਪਣਾ ਤਕਦੀਰ ਨੂੰ।
ਪੂੰਝ ਦੇਹ ਦਿਲ 'ਚੋਂ ਮੇਰੀ ਤਸਵੀਰ ਨੂੰ।

ਤੇਰੇ ਹੁੰਦੇ ਲੁਟ ਗਿਆ ਈਮਾਨ ਕਿਉਂ,
ਪੁੱਛੀਏ ਚੱਲ ਕਾਫ਼ਲੇ ਦੇ ਮੀਰ ਨੂੰ।

ਰੂਹ ਬਿਨਾਂ ਕਲਬੂਤ ਕਿੱਦਾਂ ਜੀ ਰਿਹਾ,
ਜੋ ਮਿਲੀ, ਪੁੱਛਾਂਗੇ ਆਪਾਂ ਹੀਰ ਨੂੰ।

ਜਿਸਮ ਤੋਂ ਵੀ ਪਾਰ ਕਰਕੇ, ਮਾਰ ਦੇ,
ਖਿੱਚ ਕੇ ਤੂੰ ਦੀ ਚਲਾ ਦੇ ਤੀਰ ਤੂੰ।

ਮੈਂ ਅਜੇ ਵਿਕਿਆ ਨਹੀਂ ਬਾਜ਼ਾਰ ਵਿਚ,
ਦੱਸ ਦੇ ਤੂੰ ਅੱਖ ਵਿਚਲੇ ਟੀਰ ਨੂੰ।

ਜੇ ਖ਼ੁਦਾ ਆਵੇ ਤਾਂ ਆਖੇ ਯਾ ਖ਼ੁਦਾ,
ਵੇਖ ਕੇ ਸ਼ੀਸ਼ੇ 'ਚ ਟੇਢੇ ਚੀਰ ਨੂੰ।

ਦਰਦ ਵੀ, ਅਹਿਸਾਸ ਵੀ ਤੇ ਬਹੁਤ ਕੁਝ,
ਪੜ੍ਹ ਲਿਆ ਕਰ ਅੱਖ ਵਿਚਲੇ ਨੀਰ ਨੂੰ।

ਮਿਰਗਾਵਲੀ-105