ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁਸ਼ਵੰਤ ਬਰਗਾੜੀ ਦੇ ਨਾਂ....

ਡੇਰਾ ਲਾ ਕੇ ਬਹਿ ਨਾ ਜਾਵੇ, ਸਾਡੇ ਪਿੰਡ ਤਕਰਾਰ ਦਾ ਮੌਸਮ।
ਇਸ ਦੇ ਪਿੱਛੇ ਪਿੱਛੇ ਆਉਂਦੈ, ਅਕਸਰ ਹੀ ਤਲਵਾਰ ਦਾ ਮੌਸਮ।

ਪਿੱਪਲ ਥੱਲੇ ਬਹੀਏ, ਜਾਂ ਫਿਰ ਗੋਲ ਮੇਜ਼ ਤੇ ਕਰੀਏ ਗੱਲਾਂ,
ਸਦਾ ਲਿਆਕਤ ਜਿੱਤ ਜਾਂਦੀ ਤੇ ਹਰ ਜਾਂਦਾ ਹਥਿਆਰ ਦਾ ਮੌਸਮ।

ਮੱਖੀ ਮੱਛਰ ਵਾਂਗੂੰ ਘੇਰੇ, ਮਨ ਮਸਤਕ ਤੇ ਸੋਚ ਵਿਚਾਰਾਂ,
ਚਿਹਰਾ ਬਦਲ-ਬਦਲ ਕੇ ਡੰਗੇ, ਟੀ ਵੀ ਤੇ ਅਖ਼ਬਾਰ ਦਾ ਮੌਸਮ।

ਧਰਮ ਗਰੰਥੋਂ ਪੱਤਰੇ ਪਾੜੇ, ਗੀਤਾ ਅਤੇ ਕੁਰਾਨ ਨਾ ਬਖਸ਼ੇ,
ਕੀਹ ਕੀਹ ਰੰਗ ਦਿਖਾਏ ਸਾਨੂੰ, ਤਿੱਖੇ ਚੋਣ ਬੁਖ਼ਾਰ ਦਾ ਮੌਸਮ।

ਨਜ਼ਰੋਂ ਗਿਰਿਆ ਬੰਦਾ ਜੀਕੂੰ, ਉੱਠ ਨਹੀਂ ਸਕਦਾ ਜ਼ੋਰ ਲਗਾ ਕੇ,
ਸਭ ਤੋਂ ਮਾਰੂ ਹੁੰਦੈ ਅਕਸਰ ਮਨ ਦੇ ਉਤਲੇ ਭਾਰ ਦਾ ਮੌਸਮ।

ਹੱਥ ਵਿਚ ਫ਼ੋਨ, ਮੋਬਾਈਲ, ਧਰਤੀ ਮੁੱਠੀ ਦੇ ਵਿਚ ਲੈ ਲਏ ਭਾਵੇਂ,
ਫਿਰ ਵੀ ਚੰਗਾ ਚੰਗਾ ਲੱਗਦੈ, ਖ਼ਤ, ਚਿੱਠੀ ਤੇ ਤਾਰ ਦਾ ਮੌਸਮ।

ਚਹੁੰ ਰੁੱਤਾਂ ਵਿਚ ਜ਼ਿੰਦਗੀ ਬੀਤੇ, ਦਿਵਸ ਮਹੀਨੇ ਸਾਲਾਂ ਅੰਦਰ,
ਖੁਸ਼ਬੋਈ ਵਿਸ਼ਵਾਸ਼ 'ਚ ਰੰਗਿਆ, ਪੰਜਵਾਂ ਹੁੰਦੈ ਪਿਆਰ ਦਾ ਮੌਸਮ।

ਮਿਰਗਾਵਲੀ-106