ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਚਸ਼ਮਾ ਫੁੱਟਿਆ, ਦਿਲ ਦੇ ਬਰਾਬਰ ਹੋ ਗਿਆ।
ਵੇਖ ਲੈ ਗ਼ਮ ਕਿਸ ਤਰ੍ਹਾਂ ਖ਼ੁਰ ਕੇ ਸਮੁੰਦਰ ਹੋ ਗਿਆ।

ਬਹੁਤ ਕੋਸ਼ਿਸ਼ ਕਰ ਰਿਹਾਂ, ਇਸ ਨੂੰ ਨਿਖ਼ਾਰਨ ਵਾਸਤੇ,
ਜ਼ਿੰਦਗੀ, ਨਕਸ਼ਾ ਤੇਰਾ ਪਹਿਲਾਂ ਤੋਂ ਬਦਤਰ ਹੋ ਗਿਆ।

ਹੁਣ ਤੇ ਸ਼ੀਸ਼ੇ ਵਾਂਗ ਹਰ ਦੀਵਾਰ ਮੂੰਹੋਂ ਬੋਲਦੀ,
ਕਿਉਂ ਭਲਾ ਹਰ ਬਿਰਖ਼ ਬੂਟਾ ਤੈਥੋਂ ਨਾਬਰ ਹੋ ਗਿਆ।

ਧਰਮ ਦੀ ਬੇੜੀ 'ਚ ਵੱਟੇ ਪਾ ਰਿਹਾ ਧਰਮਾਤਮਾ,
ਕੀਹ ਕਰਾਂ, ਇਹ ਵੇਖ ਕੇ ਮਨ ਫੇਰ ਕਾਫ਼ਰ ਹੋ ਗਿਆ।

ਤੀਰ ਤੇ ਤਲਵਾਰਧਾਰੀ ਰੋਜ਼ ਬੂਹੇ ਭੰਨਦੇ,
ਸਹਿਮ ਗਏ ਬੋਟਾਂ ਦੇ ਵਾਂਗੂੰ, ਕਿਉਂ ਮੇਰਾ ਘਰ ਹੋ ਗਿਆ।

ਦੌੜਦਾ ਫਿਰਦੈ ਗਲੀ ਬਾਜ਼ਾਰ ਅੰਦਰ ਰਾਤ ਦਿਨ,
ਅਣ ਕਮਾਇਆ ਧਨ ਕਿਉਂ, ਦੁਨੀਆਂ ਦਾ ਰਾਹਬਰ ਹੋ ਗਿਆ।

ਕਿਸ ਤਰ੍ਹਾਂ ਦੌਲਤ ਦਾ ਕਾਲਾ, ਫ਼ੈਲਿਆ ਹੈ ਰਾਜ ਭਾਗ,
ਨੇਰ੍ਹ ਘੁੰਮਣ ਘੇਰ ਵਾਂਗੂੰ ਧਰਤ ਅੰਬਰ ਹੋ ਗਿਆ।

ਮਿਰਗਾਵਲੀ-107