ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸ ਧਰਤੀ ਨੂੰ ਅਪਣੀ ਆਖਾਂ, ਕਿਸ ਨੂੰ ਦਿਲ ਦੀ ਬਾਤ ਕਹਾਂ।
ਤੂੰ ਤਾਂ ਮੈਨੂੰ ਇਹ ਕਹਿੰਦਾ ਏ, ਦਿਨ ਨੂੰ ਦਿਨ ਨਹੀਂ, ਰਾਤ ਕਹਾਂ।

ਤੂੰ ਤੇ ਮੈਨੂੰ ਓਸੇ ਪਲ ਹੀ ਬੇਦਖ਼ਲਾਂ ਵਿਚ ਲਿਖ ਲੈਂਦੈਂ,
ਜੇ ਮੈਂ ਕਦੇ ਕਦਾਈਂ ਤੈਨੂੰ ਦਿਲ ਵਾਲੇ ਜਜ਼ਬਾਤ ਕਹਾਂ।

ਜੋ ਨਾਟਕ ਵਿਚ ਜ਼ਹਿਰ ਪਿਆਲਾ ਅਕਸਰ ਨਕਲੀ ਨਿੱਤ ਪੀਂਦਾ,
ਜ਼ਿਦ ਕਰਦਾ ਹੈ, ਜ਼ਿੰਦਗੀ ਵਿਚ ਵੀ, ਉਸ ਨੂੰ ਮੈਂ ਸੁਕਰਾਤ ਕਹਾਂ।

ਦਿਲ ਨੂੰ ਜੀਭ ਲਗਾਉਂਦਾ ਜੇ ਰੱਬ, ਆਹ ਦਿਨ ਤੱਕਣੋਂ ਬਚ ਰਹਿੰਦੇ,
ਸੁਰਤੀ ਟਪਲਾ ਖਾ ਜਾਂਦੀ ਹੈ, ਕਿਉਂ ਦਿਲ ਦੇ ਹਾਲਾਤ ਕਹਾਂ।

ਅੱਥਰੂ ਅੱਥਰੂ ਮਨ ਦਾ ਵਿਹੜਾ, ਝੜ ਗਏ ਫੁੱਲ ਅਨਾਰਾਂ ਦੇ,
ਖ੍ਵਾਬ ਨਗਰ ਵਿਚ ਗੜ੍ਹੇਮਾਰ ਨੂੰ, ਕਿੱਦਾਂ ਰੱਬ ਦੀ ਦਾਤ ਕਹਾਂ।

ਮੈਂ ਤੇ ਟੁੱਟਿਆ ਤਾਰਾ ਅੰਬਰੋਂ, ਭਟਕਣ ਵਿਚ ਹਾਂ ਅਜ਼ਲਾਂ ਤੋਂ,
ਹੋਰ ਭਰਮ ਨਹੀਂ ਪਲਦਾ ਮੈਥੋਂ, ਖ਼ੁਦ ਨੂੰ ਰੱਬ ਦੀ ਜ਼ਾਤ ਕਹਾਂ।

ਤੂੰ ਕਹਿੰਦਾ ਏ ਵਕਤ ਕਰੋਪੀ ਲੈ ਕੇ ਆਇਐ ਧਰਤੀ ਤੇ,
ਨੀਤੀ ਵਿਚ ਬਦਨੀਤੀ ਕਾਰਨ, ਵਿਗੜੇ ਮੈਂ ਹਾਲਾਤ ਕਹਾਂ।

ਮਿਰਗਾਵਲੀ-108