ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਚਾਹਾਂ ਰਾਤ ਰਾਣੀ ਬਣ ਕੇ ਆਵੇਂ।
ਤੂੰ ਮੈਨੂੰ ਮਿਲ ਕਦੇ ਧੁੱਪੇ ਨਾ ਛਾਵੇਂ।

ਕਿਆਰੀ ਵਿੱਚ ਜੀਕੂੰ ਲਾਜਵੰਤੀ,
ਹਮੇਸ਼ਾਂ ਸਹਿਮ ਨਾ ਜਦ ਕੋਲ ਆਵੇਂ।

ਤੇ ਚੰਦਨ ਬਿਰਖ਼ ਨੂੰ ਗਲਵੱਕੜੀ ਪਾ,
ਤੇ ਛੱਡੀਂ ਜਦ ਬਰਾਬਰ ਮਹਿਕ ਜਾਵੇਂ।

ਕਰਾਂ ਮਹਿਸੂਸ ਖੁਸ਼ਬੂ ਦਾ ਕਲਾਵਾ,
ਤੂੰ ਮੇਰਾ ਨਾਮ ਲੈ ਜਦ ਵੀ ਬੁਲਾਵੇਂ।

ਜਿਵੇਂ ਖਿੜਦੀ ਦੁਪਹਿਰੀ ਕੜਕ ਧੁੱਪੇ,
ਮੈਂ ਚਾਹਾਂ ਤੂੰ ਵੀ ਏਦਾਂ ਮੁਸਕਰਾਵੇਂ।

ਤੂੰ ਆਪਣੀ ਰੂਹ ਨੂੰ ਬੇਪਰਦ ਰੱਖੀਂ,
ਜੇ ਪਾਏ ਵੇਸ ਤਾਂ ਕਿਰਨਾਂ ਦੇ ਪਾਵੇਂ।

ਸਵੇਰੇ ਮਹਿਕ ਮੈਨੂੰ "ਝਾਤ" ਆਖੂ,
ਤੂੰ ਸੁੱਚੀ ਚਾਂਦਨੀ ਜੇ ਘਰ 'ਚ ਲਾਵੇਂ।

ਮਿਰਗਾਵਲੀ-109