ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਦੇ ਨਾਂ....

ਦਰਦ ਸਮੁੰਦਰ ਭਾਫ਼ ਬਣੇ ਤੇ ਅੱਥਰੂ ਬਣ ਕੇ ਵਰ੍ਹ ਜਾਂਦਾ ਏ।
ਦਿਲ ਦੇ ਟੋਏ, ਵੱਟਾਂ ਬੰਨੇ, ਜਲ ਥਲ ਛਹਿਬਰ ਕਰ ਜਾਂਦਾ ਏ।

ਧੜਕਣ ਵਰਗੇ ਮਨ ਦੇ ਮਹਿਰਮ, ਨੇੜੇ ਰਹਿ ਕੇ ਜੇ ਨਾ ਬੋਲਣ,
ਦਿਲ ਦਰਿਆ ਵੀ ਹੌਕੇ ਲੈਂਦਾ, ਛਾਲੇ ਵਾਂਗੂੰ ਭਰ ਜਾਂਦਾ ਏ।

ਦੁਨੀਆਂ ਜਿੱਤਣ ਤੁਰਿਆ ਏਂ ਤਾਂ, ਬੀਬਾ ਇਹ ਗੱਲ ਚੇਤੇ ਰੱਖੀਂ,
ਬਹੁਤੀ ਵਾਰ ਸਿਕੰਦਰ ਵਰਗਾ ਮਨ ਦੀ ਬਾਜ਼ੀ ਹਰ ਜਾਂਦਾ ਏ।

ਏਨੀ ਚੁੱਪ ਦਾ ਪਰਬਤ ਭਾਰਾ, ਚੁੱਕ ਲੈ, ਚੁੱਕ ਲੈ ਮੇਰੀ ਹਿੱਕ ਤੋਂ,
ਏਸ ਤਰ੍ਹਾਂ ਤਾਂ ਪਿਆਰ ਦਾ ਬੂਟਾ ਮਰਦਾ ਮਰਦਾ ਮਰ ਜਾਂਦਾ ਏ।

ਸੁਪਨੇ ਵਾਲੀ ਕੱਚੀ ਮਿੱਟੀ ਗੁੰਨ ਪਕਾ ਲੈ ਆਵੇ ਅੰਦਰ,
ਜੇ ਆਕਾਰ ਸਾਕਾਰ ਨਾ ਕਰੀਏ, ਕਣੀਆਂ ਦੇ ਵਿਚ ਖਰ ਜਾਂਦਾ ਏ।

ਸੂਰਜ ਗੋਡੀ ਲਾਉਂਦਾ ਜਦ ਵੀ, ਰਾਵੀ ਕੰਢੇ ਤੱਕਿਆ ਹੈ ਮੈਂ,
ਹਰ ਵਾਰੀ ਕਿਉਂ ਲੱਗਦੈ ਰਾਵੀ ਪਾਰ ਇਹ ਸਾਡੇ ਘਰ ਜਾਂਦਾ ਏ।

ਬਿਨ ਗੈਰਤ ਤੋਂ ਤਨ ਦੀ ਗੇਲੀ, ਔਖੀ ਭਾਰੀ ਹੋ ਗਈ ਚੁੱਕਣੀ,
ਬਿਨ ਪਰਵਾਜ਼ ਪਰਿੰਦਾ ਜੀਕੂੰ, ਕੰਬਦਾ ਰਹਿੰਦਾ, ਡਰ ਜਾਂਦਾ ਏ।

ਮਿਰਗਾਵਲੀ-110