ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ।
ਪੁੱਤਰ ਧੀਆਂ ਅੰਦਰ ਉਹ ਤਾਂ, ਆਪਣਾ ਸਭ ਕੁਝ ਧਰ ਜਾਂਦੀ ਹੈ।

ਮਹਿਕ ਸਦੀਵੀ, ਮੋਹ ਦੀਆਂ ਤੰਦਾਂ, ਮਮਤਾ ਮੂਰਤ ਰੂਪ ਬਦਲਦੀ,
ਕਿੰਨੇ ਮਹਿੰਗੇ ਅਸਲ ਖ਼ਜ਼ਾਨੇ, ਦੇ ਕੇ ਝੋਲੀ ਭਰ ਜਾਂਦੀ ਹੈ।

ਸਬਰ, ਸਿਦਕ, ਸੰਤੋਖ, ਸਮਰਪਣ, ਸੇਵਾ, ਸਿਮਰਨ, ਸੁਰਤੀ ਸੁੱਚੀ,
ਸਬਕ ਸਦੀਵੀ ਹੋਰ ਬੜਾ ਕੁਝ, ਆਪ ਹਵਾਲੇ ਕਰ ਜਾਂਦੀ ਹੈ।

ਘਰ ਦੀ ਥੁੜ ਨੂੰ ਭੱਜਦੀ ਕੱਜਦੀ, ਆਪ ਟਾਕੀਆਂ ਲਾਉਂਦੀ ਰਹਿੰਦੀ,
ਰਿਸ਼ਤੇ ਨਾਤੇ ਜੋੜ ਜੋੜ ਕੇ, ਨੀਂਹ ਨੂੰ ਪੱਕਿਆਂ ਕਰ ਜਾਂਦੀ ਹੈ।

ਮਿੱਟੀ ਦੇ ਸੰਗ ਮਿੱਟੀ ਹੋ ਕੇ, ਮਿੱਟੀ 'ਚੋਂ ਆਕਾਰ ਸਿਰਜਦੀ,
ਟੁੱਟ ਜਾਵੇ ਨਾ ਖੇਡ ਖਿਡਾਉਣਾ, ਸੋਚ ਸੋਚ ਮਾਂ ਡਰ ਜਾਂਦੀ ਹੈ।

ਧਰਤੀ ਮਾਂ ਤੇ ਅੰਬਰ ਬਾਬਲ, ਰੂਹ ਦਾ ਸੂਰਜ ਕੌਣੀ ਟਿੱਕਾ,
ਲੈ ਕੇ ਹੀ ਸਿਰ ਫੁਲਕਾਰੀ, ਚੰਨ ਨੂੰ ਚਾਨਣੀ ਵਰ ਜਾਂਦੀ ਹੈ।

ਧਰਤੀ ਮਾਂ ਦੀ ਧੀ ਸਚਿਆਰੀ, ਮੇਰੀ ਮਾਂ ਦੇ ਵਰਗੀ ਹਰ ਮਾਂ,
ਬਿਨ ਕੋਸ਼ਿਸ਼ ਤੋਂ ਮਾਂ ਬੋਲੀ ਦਾ ਸ਼ਬਦ-ਭੰਡਾਰਾ ਭਰ ਜਾਂਦੀ ਹੈ।

ਮਿਰਗਾਵਲੀ-111