ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਨਰਿੰਦਰ ਸਿੰਘ ਮੁਕਤਸਰ ਦੇ ਨਾਂ....

ਦੀਨਾ ਕਾਂਗੜ ਵਿਚ ਬਹਿ ਲਿਖਿਆ, ਕੀਹ ਐਸਾ ਪਰਵਾਨੇ ਤੇ।
ਔਰੰਗਜ਼ੇਬ ਤੜਫਿਆ ਪੜ੍ਹ ਕੇ, ਲੱਗਿਆ ਤੀਰ ਨਿਸ਼ਾਨੇ ਤੇ।

ਖਿਦਰਾਣੇ ਦੀ ਢਾਬ ਨੂੰ ਜਾਂਦਾ, ਮਾਰਗ ਅੱਜ ਕਿਉਂ ਖਾਲੀ ਹੈ,
ਪੁੱਤਰ ਧੀਆਂ ਪੜ੍ਹਦੇ ਕਿਉਂ ਨਹੀਂ, ਕੀਹ ਲਿਖਿਆ ਅਫ਼ਸਾਨੇ ਤੇ।

ਵੇਲ ਧਰਮ ਦੀ ਸੂਹੇ ਪੱਤੇ, ਸੁੱਕਦੇ ਜਾਂਦੇ ਬਿਰਖ਼ ਕਿਉਂ,
ਅਮਰ-ਵੇਲ ਕਿਉਂ ਚੜ੍ਹਦੀ ਜਾਂਦੀ, ਰੰਗ ਰੱਤੜੇ ਮਸਤਾਨੇ ਤੇ।

ਚਾਲੀ ਸਿੰਘ ਤੇ ਮੁਕਤੀ ਪਾ ਗਏ, ਬੇਦਾਵੇ ਤੇ ਲੀਕ ਫਿਰੀ,
ਰਣਭੂਮੀ ਵਿਚ ਜੋ ਨਾ ਪਹੁੰਚਾ, ਗੁਜ਼ਰੀ ਕੀਹ ਦੀਵਾਨੇ ਤੇ।

ਸ਼ਮਾਂਦਾਨ ਵਿਚ ਤੇਲ ਨਾ ਬੱਤੀ, ਚਾਰ ਚੁਫ਼ੇਰ ਹਨ੍ਹੇਰ ਜਿਹਾ,
ਲਾਟ ਗਵਾਚੀ ਵੇਖੀ ਜਦ ਉਸ ਬੀਤੀ ਕੀਹ ਪ੍ਰਵਾਨੇ ਤੇ।

ਆਪ ਅਜੇ ਜੋ ਕਦਮ ਨਾ ਤੁਰਿਆ, ਸਫ਼ਰ ਮੁਕਾਉਣਾ ਉਸ ਨੇ ਕੀਹ,
ਸ਼ੀਸ਼ ਵਿਚ ਨਾ ਚਿਹਰਾ ਵੇਖ, ਸ਼ਿਕਵਾ ਕਰ ਜ਼ਮਾਨੇ ਤੇ।

ਜ਼ੋਰਾਵਰ ਦਾ ਸੱਤੀਂ ਵੀਹੀਂ, ਸਿਰਫ਼ ਸੈਂਕੜਾ ਅੱਜ ਵੀ ਹੈ,
ਧਰਮ ਨਿਤਾਣਾ ਅੱਜ ਕਿਉਂ ਰੁਲਦਾ, ਵਿਕਦਾ ਆਨੇ ਆਨੇ ਤੇ।